ਅੰਮ੍ਰਿਤਸਰ: ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਬਾਦਲ ਨੇ ਪੰਜਾਬ ਦੇ ਮੁੱਖ ਮੰਤਰ ਕੈਪਟਨ ਅਮਰਿੰਦਰ ਨੂੰ ਚੈਲੰਜ ਕੀਤਾ ਹੈ ਕਿ ਜੇਕਰ ਬਿਕਰਮ ਮਜੀਠੀਆ ਤੇ ਬਾਦਲਾਂ ਖ਼ਿਲਾਫ਼ ਕੋਈ ਸਬੂਤ ਹੈ ਤਾਂ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ ਨਾ ਕਿ ਕਮਿਸ਼ਨ ਬਣਾ ਕੇ ਡਰਾਮੇ ਕਰੇ। ਹਰਸਿਮਰਤ ਨੇ ਕਿਹਾ ਕਿ ਸਰਕਾਰ ਆਪਣੇ ਰਿਸ਼ਤੇਦਾਰਾਂ ਦੇ ਕਮਿਸ਼ਨ ਬਣਾ ਕੇ ਸਿਰਫ਼ ਡਰਾਵੇ ਦੇ ਰਹੀ ਹੈ।

ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਜਿੱਥੇ ਉਨ੍ਹਾਂ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਹਾਜਰੀ ਭਰੀ ਅਤੇ ਮੀਡਿਆ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਬੇਅਦਬੀ ਮਾਮਲਿਆਂ ਵਿੱਚ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਤੇ ਆਈਜੀ ਉਮਰਾਨੰਗਲ ਦੀ ਗ੍ਰਿਫਤਾਰੀ 'ਤੇ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਪੰਜਾਬ ਸਰਕਾਰ ਜਾਣੇ ਜਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ 'ਆਪ' ਸਾਲ 2015 ਤੋਂ ਹੀ ਅਕਾਲੀ ਦਲ ਤੇ ਬਾਦਲ ਪਰਿਵਾਰ ਖ਼ਿਲਾਫ਼ ਝੂਠੇ ਇਲਜ਼ਾਮ ਲਾ ਬਦਨਾਮ ਕਰਨ ਕੋਸ਼ਿਸ਼ ਕਰ ਰਹੇ ਹਨ।

ਹਰਸਿਮਰਤ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਗਰਮ ਖ਼ਿਆਲੀਆਂ ਨੂੰ ਧਰਨਿਆਂ 'ਤੇ ਬਿਠਾ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਅਤੇ ਆਪਣੇ ਰਿਸ਼ਤੇਦਾਰਾਂ ਦਾ ਜਾਂਚ ਕਮਿਸ਼ਨ ਬਣਾ ਕੇ ਸਾਨੂੰ ਭੰਡਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਕੁਝ ਲੋਕ ਰੈਫਰੰਡਮ 2020 ਦੇ ਨਾਂਅ 'ਤੇ ਪੰਜਾਬ ਨੂੰ ਤੋੜਨ ਦੀ ਗੱਲ ਕਰ ਰਹੇ ਹਨ ਪਰ ਮੁੱਖ ਮੰਤਰੀ ਉਨ੍ਹਾਂ ਤੇ ਕਾਰਵਾਈ ਕਰਨ ਦੀ ਜਗ੍ਹਾ ਆਪਣੀ ਪੁਰਾਣੀ ਬਦਲਾਖੋਰੀ ਵਾਲੀ ਰਾਜਨੀਤੀ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਇਹ ਕੋਸ਼ਿਸ਼ ਕਰ ਰਹੇ ਹਨ ਕਿ ਬਾਦਲਾਂ ਨੂੰ ਜੇਲ੍ਹ ਭੇਜਿਆ ਜਾਵੇ ਕਿਉਂਕਿ ਉਨ੍ਹਾਂ ਨੇ ਆਪਣੇ ਚਹੇਤਿਆਂ ਦਾ ਕਮਿਸ਼ਨ ਬਣਾਇਆ ਹੈ ਅਤੇ ਆਪਣੇ ਚਹੇਤੇ ਜੱਜਾਂ ਤੋਂ ਫੈਂਸਲੇ ਵੀ ਕਰਵਾ ਸਕਦੇ ਹਨ।

ਵਿਧਾਨ ਸਭਾ ਵਿੱਚ ਸਿੱਧੂ ਮਜੀਠੀਆ ਦੇ ਬਹਿਸ ਤੇ ਸਿੱਧੂ ਨੇ ਦੇਸ਼ ਧ੍ਰੋਹੀ ਕਹਿੰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਲੋਕਾਂ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਪਣੀ ਭੂਮਿਕਾ ਨਹੀਂ ਨਿਭਾ ਰਹੀ ਉਹ ਸਰਕਾਰ ਨਾਲ ਮਿਲੀ ਹੋਈ ਹੈ। ਹਰਸਿਮਰਤ ਬਾਦਲ ਤੋਂ ਜਦੋ ਇਹ ਪੁੱਛਿਆ ਗਿਆ ਕਿ ਬਠਿੰਡਾ ਦੀ ਥਾਂ ਉਨ੍ਹਾਂ ਵੱਲੋਂ ਕਿਸੇ ਹੋਰ ਜਗ੍ਹਾ ਤੋਂ ਲੋਕ ਸਭਾ ਸੀਟ ਲੜਨ ਦੀ ਚਰਚਾ ਹੈ ਤਾਂ ਉਹ ਇੰਨਾ ਹੀ ਕਹਿ ਕੇ ਚੱਲਦੇ ਬਣੇ ਕਿ ਇਸ ਤਰ੍ਹਾਂ ਦੇ ਫੈਸਲੇ ਪਾਰਟੀ ਹੀ ਕਰਦੀ ਹੈ।