ਚੰਡੀਗੜ੍ਹ: ਅਕਤੂਬਰ 2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਤੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪਿਛਲੀ ਸਰਕਾਰ ਸਮੇਂ ਇਨ੍ਹਾਂ ਮਾਮਲਿਆਂ ਦੀ ਹੀ ਜਾਂਚ ਲਈ ਗਠਿਤ ਕੀਤੀ ਐਸਆਈਟੀ ਨੂੰ ਤਲਬ ਕਰ ਲਿਆ ਹੈ। ਕੈਪਟਨ ਦੀ ਐਸਆਈਟੀ ਨੇ ਬਾਦਲਾਂ ਦੀ ਐਸਆਈਟੀ ਦੇ ਤਿੰਨ ਅਫ਼ਸਰਾਂ ਨੂੰ ਪੇਸ਼ ਹੋਣ ਲਈ ਕਿਹਾ ਹੈ। ਖ਼ਾਸ ਗੱਲ ਇਹ ਹੈ ਕਿ ਤਿੰਨਾਂ ਅਫ਼ਸਰਾਂ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕਰਨ ਵਾਲੇ ਦਿਨ ਹੀ ਤਲਬ ਕੀਤਾ ਗਿਆ ਹੈ।

ਅਕਾਲੀ-ਭਾਜਪਾ ਸਰਕਾਰ ਵੱਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਵਿੱਚ ਸ਼ਾਮਲ ਤਤਕਾਲੀ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਨਿਰਦੇਸ਼ਕ ਤੇ ਮੌਜੂਦਾ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਤਤਕਾਲੀ ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਹਿਲ ਤੇ ਤਤਕਾਲੀ ਡੀਆਈਜੀ ਬਠਿੰਡਾ ਤੇ ਮੌਜੂਦਾ ਆਈਜੀ ਰਣਬੀਰ ਸਿੰਘ ਖੱਟੜਾ ਨੂੰ 25 ਫਰਵਰੀ ਯਾਨੀ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਤਲਬ ਕੀਤਾ ਹੈ। ਨਵੀਂ ਬਣੀ ਐਸਆਈਟੀ ਵੱਲੋਂ ਲਗਾਤਾਰ ਪੁਲਿਸ ਅਫ਼ਸਰਾਂ ਨੂੰ ਤਲਬ ਕਰਨ ਨਾਲ ਵਿਭਾਗ ਦੇ ਹੋਰ ਵੀ ਕਈ ਅਫ਼ਸਰਾਂ ਦੇ ਮਨਾਂ ਵਿੱਚ ਤੌਖ਼ਲੇ ਹਨ।

ਇਸ ਤੋਂ ਇਲਾਵਾ ਅੱਜ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਵੀ ਐਸਆਈਟੀ ਨੇ ਪੁੱਛਗਿੱਛ ਲਈ ਬੁਲਾਇਆ ਹੈ। ਸੈਣੀ ਦਾ ਕਹਿਣਾ ਹੈ ਕਿ ਉਹ ਐਸਆਈਟੀ ਨੂੰ ਪੂਰਾ ਸਹਿਯੋਗ ਦੇਣਗੇ ਤੇ ਹਰ ਸਵਾਲ ਦਾ ਸਹੀ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਸਆਈਟੀ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੇ ਪੁੱਛਗਿੱਛ ਲਈ ਸੱਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਪੁਲਿਸ ਦੇ ਚਾਰ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਆਸ ਹੈ।