ਚੰਡੀਗੜ੍ਹ: 'ਰੈਫਰੰਡਮ 2020' ਸਬੰਧੀ ਹੋ ਰਹੀ ਬ੍ਰਿਟੇਨ ਰੈਲੀ ਦਾ ਮੁੱਦਾ ਇਨੀਂ ਦਿਨੀਂ ਪੰਜਾਬ 'ਚ ਪੂਰਾ ਗਰਮਾਇਆ ਹੋਇਆ ਹੈ। ਸਿਆਸੀ ਲੀਡਰਾਂ ਦੀ ਬਿਆਨਬਾਜ਼ੀ ਇਸ ਪ੍ਰਤੀ ਜਾਰੀ ਹੈ ਤੇ ਅਜੇ ਤੱਕ ਕੋਈ ਵੀ ਇਸ ਦੇ ਸਮਰਥਨ 'ਚ ਨਹੀਂ ਆਇਆ। ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੀ ਆਈਐਸਆਈ ਵੱਲੋਂ ਦੇਸ਼ ਵਿਰੋਧੀ ਚਾਲਾਂ ਤਹਿਤ ਪੈਸੇ ਦੇ ਦਮ 'ਤੇ ਖੜ੍ਹੀ ਕੀਤੀ 'ਸਿੱਖਸ ਫ਼ਾਰ ਜਸਟਿਸ' ਦੇ ਝਾਂਸੇ 'ਚ ਨਾ ਆਉਣ।


ਉਨ੍ਹਾਂ ਕਿਹਾ ਕਿ ਐਸਐਫਜੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਅਖੌਤੀ ਲੰਦਨ ਐਲਾਨਨਾਮਾ ਰੈਲੀ 'ਚ ਸ਼ਮੂਲੀਅਤ ਕਰਾਉਣ ਲਈ ਨੌਜਵਾਨਾਂ ਨੂੰ ਮੁਫ਼ਤ 'ਚ ਲੰਦਨ ਦਾ ਗੇੜਾ ਲਵਾਉਣ ਦਾ ਲਾਲਚ ਦੇ ਰਹੀ ਹੈ। ਹਰਸਿਮਰਤ ਨੇ ਕਿਹਾ ਕਿ ਭੋਲੇ-ਭਾਲੇ ਨੌਜਵਾਨਾਂ ਨੂੰ ਐਸਐਫਜੇ ਵੱਲੋਂ ਕੀਤੇ ਜਾ ਰਹੇ ਕੂੜ-ਪ੍ਰਚਾਰ ਰਾਹੀਂ ਗੁੰਮਰਾਹ ਕੀਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਨੌਜਵਾਨ ਇਸ ਸੰਗਠਨ ਦੇ ਪਾਕਿਸਤਾਨ ਦੀ ਆਈਐਸਆਈ ਏਜੰਸੀ ਨਾਲ ਗੂੜ੍ਹੇ ਸਬੰਧਾਂ ਤੋਂ ਅਣਜਾਣ ਹਨ ਜੋ ਕਿ 'ਐਪਰੇਸ਼ਨ ਐਕਸਪ੍ਰੈਸ' ਨਾਂਅ ਦੇ ਗੁਪਤ ਮਿਸ਼ਨ ਰਾਹੀਂ ਇਸ ਰੈਲੀ ਲਈ ਫੰਡ ਮੁਹੱਈਆ ਕਰਵਾ ਰਹੀ ਹੈ।


ਹਰਸਿਮਰਤ ਨੇ ਕੇਂਦਰੀ ਏਜੰਸੀਆਂ ਨੂੰ ਨੂੰ ਅਪੀਲ ਕੀਤੀ ਕਿ ਉਹ ਐਸਐਫਜੇ ਦੀਆਂ ਸੋਸ਼ਲ ਮੀਡੀਆ 'ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ।