ਬਠਿੰਡਾ: ਕਾਂਗਰਸ ਵੱਲੋਂ ਬਠਿੰਡਾ ਸੀਟ ਤੋਂ ਆਪਣਾ ਕੋਈ ਉਮੀਦਵਾਰ ਨਾ ਐਲਾਨਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਜਦੋਂ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਸਹੁੰ ਖਾਧੀ ਸੀ ਤਾਂ ਪੰਜਾਬ ਵਿੱਚ 3 ਗੁਣਾ ਨਸ਼ਾ ਕਿਵੇਂ ਵਧ ਗਿਆ? ਉਨ੍ਹਾਂ ਯਾਦ ਦਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਸਾਹਿਬ ਲੈ ਕੇ ਚਾਰ ਹਫ਼ਤਿਆਂ ਅੰਦਰ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਦੀ ਸਹੁੰ ਖਾਧੀ ਸੀ।


ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਆੜੇ ਹੱਥੀਂ ਲਿਆ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਵੀ ਪਹਿਲਾਂ ਨਸ਼ਿਆਂ ਦੇ ਇਲਜ਼ਾਮ ਲਾਏ ਸੀ ਪਰ ਬਾਅਦ ਵਿੱਚ ਆਪ ਹੀ ਮੁਆਫ਼ੀ ਮੰਗ ਲਈ। ਦੋਵੇਂ ਪਾਰਟੀਆਂ ਝੂਠ ਬੋਲ ਕੇ ਸੱਤਾ ਵਿੱਚ ਆਈਆਂ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿਹੜੇ ਝੂਠੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਸੀ, ਲੋਕਾਂ ਸਾਹਮਣੇ ਉਸ ਦੀ ਪੋਲ ਖੁੱਲ੍ਹ ਚੁੱਕੀ ਹੈ। ਇਸੇ ਲਈ ਪਾਰਟੀ ਦਾ ਕੋਈ ਉਮੀਦਵਾਰ ਬਠਿੰਡਾ ਸੀਟ ਤੋਂ ਅੱਗੇ ਨਹੀਂ ਆ ਰਿਹਾ। ਦੱਸ ਦੇਈਏ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਕੰਮ ਕਰਨ ਵਾਲੇ ਪਿੰਡ ਤੁੰਗਵਾਲੀ ਦੇ ਦੋ ਵਰਕਰ ਪਰਿਵਾਰਾਂ ਸਮੇਤ ਕੁੱਲ 122 ਵਰਕਰ ਅਕਾਲੀ ਦਲ ਵਿੱਚ ਸ਼ਾਮਲ ਹੋਏ। ਹਰਸਿਮਰਤ ਕੌਰ ਨੇ ਸਿਰੋਪੇ ਪਾ ਕੇ ਇਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।