ਮਾਨਸਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਦੇ ਚੋਣ ਮੈਨੀਫੈਸਟੋ ਵਿੱਚ ਗਰੀਬਾਂ ਨੂੰ ਮਾਲੀ ਸਹਾਇਤਾ ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਬਾਰੇ ਬੋਲਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ 8 ਤੋਂ 2 ਸਾਲ ਪਹਿਲਾਂ ਝੂਠ ਬੋਲ ਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਤੇ ਹੁਣ ਇਹੀ ਝੂਠ ਉਹ ਪੂਰੇ ਦੇਸ਼ ਵਿੱਚ ਫੈਲਾ ਰਹੇ ਹਨ। ਨਾ ਤਾਂ ਪੰਜਾਬ ਵਿੱਚ ਘਰ-ਘਰ ਨੌਕਰੀ ਮਿਲੀ ਤੇ ਨਾ ਹੀ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ। ਉਨ੍ਹਾਂ ਇਲਜ਼ਾਮ ਲਾਇਆ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਕਰੀਬ ਇੱਕ ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ।

ਹਰਸਿਮਰਤ ਕੈਰ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਜੋੜ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ 2014 ਤੋਂ ਹੀ ਕਹਿ ਰਹੇ ਹਨ ਕਿ ਸਾਰੀਆਂ ਪਾਰਟੀਆਂ ਕਾਂਗਰਸ ਦੀਆਂ ਬੀ ਟੀਮਾਂ ਹਨ। ਪਹਿਲਾਂ ਕਾਂਗਰਸ ਨੇ ਅਕਾਲੀ ਭਾਜਪਾ ਨੂੰ ਹਰਾਉਣ ਲਈ ਪੀਪੀਪੀ, ਫਿਰ ਆਮ ਆਦਮੀ ਪਾਰਟੀ ਤੇ ਹੁਣ ਖਹਿਰਾ ਤੇ ਟਕਸਾਲੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਕਰਕੇ ਉਨ੍ਹਾਂ ਕਾਂਗਰਸ ਦੇ ਵਿਰੋਧ ਦੀਆਂ ਵੋਟਾਂ ਵੰਡ ਲਈਆਂ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾ ਕਾਂਗਰਸ ਨੂੰ ਮਾੜਾ ਕਹਿਣ ਵਾਲੇ ਕੇਜਰੀਵਾਲ ਕਟੋਰਾ ਲੈ ਕੇ ਕਾਂਗਰਸ ਨਾਲ ਗਠਜੋੜ ਦੀ ਭੀਖ ਮੰਗ ਰਹੇ ਹਨ।

ਦਰਅਸਲ ਹਰਸਿਮਰਤ ਕੌਰ ਬਾਦਲ ਅੱਜ ਜ਼ਿਲ੍ਹਾ ਮਾਨਸਾ ਦੇ ਦੌਰੇ 'ਤੇ ਨਿਕਲੇ ਸਨ। ਇਸ ਦੌਰਾਨ ਉਨ੍ਹਾਂ ਬੁਡਲਾਡਾ ਤੇ ਸਰਦੂਲਗੜ੍ਹ ਵਿੱਚ ਅਕਾਲੀ ਦਲ ਦੇ ਮਹਿਲਾ ਵਿੰਗ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇੱਥੇ ਮੌਜੂਦ ਮਹਿਲਾਵਾਂ ਨੇ ਉਨ੍ਹਾਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਚੋਣਾਂ ਲੜਨ ਦੀ ਸਿਫਾਰਿਸ਼ ਕੀਤੀ।

ਇਸ ਦੌਰਾਨ ਉਨ੍ਹਾਂ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਮਹਿਲਾਵਾਂ 'ਤੇ ਅੱਤਿਆਚਾਰ ਵਧ ਰਿਹਾ ਹੈ। ਹਾਲ ਹੀ 'ਚ ਬਟਾਲਾ ਵਿੱਚ ਮਹਿਲਾ ਦਾ ਮੂੰਹ ਕਾਲਾ ਕਰ ਕੇ ਸੋਸ਼ਲ ਮੀਡੀਆ 'ਤੇ ਵੀਡੀਆ ਪਾਈ ਗਈ ਹੈ। ਉਸ ਨੂੰ ਇਨਸਾਫ ਦੇਣ ਦੀ ਬਜਾਏ ਕਾਂਗਰਸੀ ਉਸ 'ਤੇ ਸਮਝੌਤਾ ਕਰਨ ਦਾ ਦਬਾਅ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਹਰ ਵਰਗ ਦੁਖੀ ਹੈ।