ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਤੇ ਕੇਂਦਰ ਸਰਕਾਰ ਉੱਤੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਦਲਿਤ ਵਿਦਿਆਰਥੀਆਂ ਦੀ ਪ੍ਰੀ ਮੈਟਰਿਕ ਤੇ ਪੋਸਟ ਮੈਟਰਿਕ ਵਜ਼ੀਫ਼ਾ ਸਕੀਮ ਦੇ ਅਰਬਾਂ ਰੁਪਏ ਖ਼ੁਰਦ-ਬੁਰਦ ਕਰ ਦਿੱਤੇ ਹਨ। ਇਸ ਕਰਕੇ ਨਿੱਜੀ ਤੇ ਸਰਕਾਰੀ ਵਿੱਦਿਅਕ ਸੰਸਥਾਵਾਂ ਵੱਲੋਂ ਦਲਿਤ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕ ਲਈਆਂ ਗਈਆਂ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਲਿਆ ਗਿਆ ਫ਼ੈਸਲਾ ਇਸ ਦੀ ਤਾਜ਼ਾ ਮਿਸਾਲ ਹੈ।
ਚੀਮਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਸਰਕਾਰ ਵੱਲੋਂ 10 ਕਰੋੜ ਤੋਂ ਜ਼ਿਆਦਾ ਬਕਾਇਆ ਖੜ੍ਹਾ ਹੈ। ਕੈਪਟਨ ਸਰਕਾਰ ਵੱਲ ਐਸਸੀ/ਐਸਟੀ ਪ੍ਰੀ ਮੈਟਰਿਕ ਤੇ ਪੋਸਟ ਮੈਟਰਿਕ ਵਜ਼ੀਫ਼ਾ ਯੋਜਨਾ ਦਾ ਸਿਰਫ਼ ਪੰਜਾਬ ਯੂਨੀਵਰਸਿਟੀ ਦਾ ਹੀ 10 ਕਰੋੜ ਨਹੀਂ, ਸਗੋਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ 32 ਕਰੋੜ ਰੁਪਏ ਸਮੇਤ ਦੂਸਰੀਆਂ ਸਰਕਾਰੀ ਤੇ ਨਿੱਜੀ ਯੂਨੀਵਰਸਿਟੀਆਂ, ਕਾਲਜਾਂ ਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਵੀ 1200 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਤੇ ਇਸ ਨਾਲ ਸਬੰਧਿਤ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲਦੇ ਪੋਸਟ ਮੈਟਰਿਕ ਵਜ਼ੀਫ਼ੇ ਦੇ ਸਮੇਂ ਸਿਰ ਪੈਸੇ ਨਹੀਂ ਦਿੱਤੇ। ਯੂਨੀਵਰਸਿਟੀ ਦਾ ਇਹ ਬਕਾਇਆ ਸਾਲ 2015 ਤੋਂ ਲੈ ਕੇ 2018 ਤਕ, ਯਾਨੀ 4 ਸਾਲਾਂ ਦਾ ਹੈ। ਇਸ ਤੋਂ ਸਪਸ਼ਟ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਤੇ ਮੌਜੂਦਾ ਕੈਪਟਨ ਸਰਕਾਰ ਨੂੰ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਕੋਈ ਸਰੋਕਾਰ ਨਹੀਂ।
ਕੈਪਟਨ ਸਰਕਾਰ ਵੱਲੋਂ ਬਕਾਇਆ ਰਕਮ ਜਮ੍ਹਾ ਨਾ ਕਰਵਾਉਣ ਕਰਕੇ ਅੱਜ ਪੰਜਾਬ ਯੂਨੀਵਰਸਿਟੀ ਨੇ 10 ਹਜ਼ਾਰ ਦੇ ਕਰੀਬ ਦਲਿਤ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕ ਲਈਆਂ ਹਨ। ਕੱਲ੍ਹ ਨੂੰ ਬਾਕੀ ਯੂਨੀਵਰਸਿਟੀਆਂ ਤੇ ਕਾਲਜ ਵੀ ਇਹੀ ਕਦਮ ਉਠਾ ਲੈਣਗੇ ਤਾਂ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਲਈ ਕੈਪਟਨ ਸਰਕਾਰ, ਪਿਛਲੀ ਬਾਦਲ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੋਵੇਗੀ।
ਚੀਮਾ ਨੇ ਸਵਾਲ ਚੁੱਕਿਆ ਕਿ ਜੇ ਮੋਦੀ ਸਰਕਾਰ ਦਲਿਤਾਂ ਦੀ ਹਿਤੈਸ਼ੀ ਹੁੰਦੀ ਤਾਂ ਸੂਬਾ ਸਰਕਾਰ ਨੂੰ ਦਲਿਤ ਵਿਦਿਆਰਥੀਆਂ ਤੇ ਘੱਟ ਗਿਣਤੀ ਵਿਦਿਆਰਥੀਆਂ ਦੀਆਂ ਵਜ਼ੀਫ਼ਾ ਸਕੀਮਾਂ ਵਿੱਚ ਹੁਣ ਤੱਕ ਭੇਜੀ ਕੁੱਲ ਰਾਸ਼ੀ ਦਾ ਆਡਿਟ ਕਰਵਾ ਕੇ ਹਿਸਾਬ ਲੈਂਦੀ ਤੇ ਦਲਿਤ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਸੂਬਾ ਸਰਕਾਰ (ਅਕਾਲੀ ਭਾਜਪਾ ਤੇ ਕਾਂਗਰਸ) ਨੂੰ ਕਟਹਿਰੇ ਵਿੱਚ ਖੜ੍ਹਾ ਕਰਦੀ।
ਸਿਰਫ PU ਦਾ 10 ਕਰੋੜ ਹੀ ਨਹੀਂ, ਕੈਪਟਨ ਸਰਕਾਰ ਵੱਲ ਵਜ਼ੀਫਿਆਂ ਦਾ ਕੁੱਲ 1200 ਕਰੋੜ ਰੁਪਏ ਬਕਾਇਆ
ਏਬੀਪੀ ਸਾਂਝਾ
Updated at:
05 Apr 2019 06:05 PM (IST)
ਪੰਜਾਬ ਯੂਨੀਵਰਸਿਟੀ ਪਟਿਆਲਾ ਦੇ 32 ਕਰੋੜ ਰੁਪਏ ਸਮੇਤ ਦੂਸਰੀਆਂ ਸਰਕਾਰੀ ਤੇ ਨਿੱਜੀ ਯੂਨੀਵਰਸਿਟੀਆਂ, ਕਾਲਜਾਂ ਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਵੀ 1200 ਕਰੋੜ ਰੁਪਏ ਦੇ ਬਕਾਏ
- - - - - - - - - Advertisement - - - - - - - - -