ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਰਾਜਾ ਵੜਿੰਗ ਨੂੰ ਤਕਰੀਬਨ 21 ਹਜ਼ਾਰ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ। ਇੰਨਾ ਕੁ ਹੀ ਫਰਕ ਨਾਲ ਹਰਸਿਮਰਤ ਬਾਦਲ ਨੇ ਪਿਛਲੀ ਵਾਰ ਮਨਪ੍ਰੀਤ ਬਾਦਲ ਨੂੰ ਹਰਾਇਆ ਸੀ ਅਤੇ ਇਸ ਵਾਰ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਮਾਤ ਦਿੱਤੀ ਹੈ।
ਪੰਜਾਬ ਦੀਆਂ ਹੌਟ ਸੀਟਾਂ 'ਚੋਂ ਇੱਕ ਮੰਨੀ ਜਾ ਰਹੀ ਬਠਿੰਡਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਆਪਣੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਉਤਾਰਿਆ ਸੀ। ਉੱਧਰ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਬਠਿੰਡਾ ਤੋਂ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਸਵਾ ਕੁ ਤਿੰਨ ਵਜੇ ਤਕ ਦੇ ਅੰਕੜਿਆਂ ਮੁਤਾਬਕ ਹਰਸਿਮਰਤ ਬਾਦਲ ਨੂੰ 4,90,628 ਵੋਟਾਂ ਹਾਸਲ ਹੋਈਆਂ ਅਤੇ ਰਾਜਾ ਵੜਿੰਗ ਨੂੰ 4,69,216 ਹਾਸਲ ਹੋਈਆਂ। ਪ੍ਰੋ. ਬਲਜਿੰਦਰ ਕੌਰ ਨੂੰ 1,33,675 ਵੋਟਾਂ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਮਹਿਜ਼ 37,753 ਵੋਟਾਂ ਮਿਲੀਆਂ। ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਬਾਦਲਾਂ ਦੇ ਪਿੰਡ ਵਿੱਚ ਸਥਿਤ ਘਰ 'ਚ ਵਰਕਰਾਂ ਨੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਕਿਉਂਕਿ ਹਰਸਿਮਰਤ ਦੇ ਪਤੀ ਤੇ ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਵੱਡੀ ਜਿੱਤ ਵੱਲ ਵੱਧ ਰਹੇ ਹਨ।