ਚੰਡੀਗੜ੍ਹ: ਅਕਾਲੀ ਦਲ ਲੀਡਰ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਪਾਕਿਸਤਾਨ ਵੱਲੋਂ ਲਈ ਜਾਣ ਵਾਲੀ 20 ਡਾਲਰ ਫੀਸ ਦੇ ਮਸਲੇ 'ਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਵੇਂ ਪਰਕਾਸ਼ ਸਿੰਘ ਬਾਦਲ ਨੇ ਹਰ ਧਾਰਮਿਕ ਸਥਾਨ ਦੀ ਯਾਤਰਾ ਲਈ ਮੁੱਖ ਮੰਤਰੀ ਤੀਰਥ ਯੋਜਨਾ ਚਲਾਈ ਸੀ, ਉਵੇਂ ਹੀ ਪੰਜਾਬ ਸਰਕਾਰ ਨੂੰ ਵੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ 20 ਡਾਲਰ ਦੀ ਫੀਸ ਭਰਨੀ ਚਾਹੀਦੀ ਹੈ।
ਹਰਸਿਮਰਤ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਵੀ ਸੰਗਤ ਲਈ 20 ਡਾਲਰ ਭਰਨ ਲਈ ਐਲਾਨ ਕੀਤਾ ਹੈ। ਇਸ ਲਈ ਹੁਣ ਕੈਪਟਨ ਵੀ 20 ਡਾਲਰ ਫੀਸ ਸੰਗਤ ਲਈ ਭਰਨ। ਉਨ੍ਹਾਂ ਦੱਸਿਆ ਕਿ 500 ਸਾਲਾ ਸ਼ਤਾਬਦੀ ਮੌਕੇ ਬਠਿੰਡਾ 'ਚ ਬਾਦਲ ਸਰਕਾਰ ਵੱਲੋਂ ਚਲਾਇਆ ਥਰਮਲ ਪਲਾਂਟ ਕੈਪਟਨ ਸਰਕਾਰ ਨੇ ਬੰਦ ਕਰ ਦਿੱਤਾ ਹੈ ਤੇ ਤੀਰਥ ਯਾਤਰਾ ਸਕੀਮ ਵੀ ਬੰਦ ਕਰ ਦਿੱਤੀ।
ਹਰਸਿਮਰਤ ਕੌਰ ਨੇ ਕਿਹਾ ਕਿ ਲੋਕਾਂ ਦੇ ਪੈਸੈ ਨਾਲ ਦੂਜੀ ਸਟੇਜ ਬਣਾ ਕੇ ਕਾਂਗਰਸ ਵੱਲੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੀ ਹੈ ਜੋ ਕੌਮ ਨੂੰ ਅਲੱਗ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲੇ ਜਥੇ ਨਾਲ ਇਕ ਹੋ ਕੇ ਕਰਤਾਰਪੁਰ ਸਾਹਿਬ ਜਾਣਗੇ, ਅੱਜ ਇੱਕ ਹੋਣ ਦੀ ਲੋੜ ਹੈ।