ਅੰਬਾਲਾ: ਕੇਂਦਰ ਵਲੋਂ ਪਾਸ ਕੀਤੇ ਵਿਵਾਦਪੂਰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮੂਹ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਾਫਲੇ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ। ਇਸ ਮਗਰੋਂ 13 ਕਿਸਾਨਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਤੇ ਦੰਗਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਿਸਾਨਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਖੱਟਰ ਦੇ ਕਾਫਲੇ ਨੂੰ ਰੋਕਿਆ ਤੇ ਗੱਡੀਆਂ ਤੇ ਡੰਡੇ ਮਾਰੇ।

ਦੱਸ ਦੇਈਏ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਰ ਰਹੇ ਇੱਕ ਸਮੂਹ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਖੱਟਰ ਦੇ ਕਾਫਲੇ ਨੂੰ ਕਾਲੇ ਝੰਡੇ ਦਿਖਾਏ ਸੀ ਜਦੋਂ ਉਨ੍ਹਾਂ ਦਾ ਕਾਫਲਾ ਅੰਬਾਲਾ ਸ਼ਹਿਰ ਵਿੱਚੋਂ ਲੰਘ ਰਿਹਾ ਸੀ। ਕੁਝ ਕਿਸਾਨਾਂ ਨੇ ਕਥਿਤ ਤੌਰ 'ਤੇ ਖੱਟਰ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਕੁਝ ਸਮੇਂ ਬਾਅਦ ਮੁੱਖ ਮੰਤਰੀ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾ ਕੇ ਉਥੋਂ ਬਾਹਰ ਕੱਢ ਲਿਆ।

ਕੁਝ ਸੁਰੱਖਿਆ ਕਰਮੀਆਂ ਵਲੋਂ ਸ਼ਿਕਾਇਤ ਮਗਰੋਂ ਕਿਸਾਨਾਂ ਖਿਲਾਫ ਮੰਗਲਵਾਰ ਰਾਤ ਨੂੰ ਹੀ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਭੀੜ ਕਾਫਲੇ ਵੱਲ ਵਧੀ ਤੇ ਉਨ੍ਹਾਂ ਮੁੱਖ ਮੰਤਰੀ ਦਾ ਰਾਹ ਰੋਕ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੇ ਗੱਡੀਆਂ ਤੇ ਡੰਡੇ ਵੀ ਮਾਰੇ।

ਹਰਿਆਣਾ ਪੁਲਿਸ IPC ਦੀ ਧਾਰਾ 307 (ਇਰਾਦਾ ਕਤਲ) 147 (ਦੰਗਾ ਕਰਨਾ) 148 (ਜਾਨਲੇਵਾ ਹਥਿਆਰਾਂ ਨਾਲ ਦੰਗਾ ਕਰਨ), 149, 186 (ਜਨਤਕ ਕਾਰਜਾਂ ਤੇ ਜਾਂਦੇ ਸਰਕਾਰੀ ਸੇਵਕ ਨੂੰ ਰੋਕਣਾ), 353 (ਜਨਤਕ ਸੇਵਕ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਕਰਨਾ) ਤੇ ਧਾਰਾ 506 ਦੇ ਤਹਿਤ ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਦੱਸ ਦੇਈਏ ਕਿ ਖੱਟਰ ਮੰਗਲਵਾਰ ਨੂੰ ਅੰਬਾਲਾ ਵਿੱਚ ਪਾਰਟੀ ਦੇ ਮੇਅਰ ਤੇ ਵਾਰਡਾਂ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਜਾ ਰਹੇ ਸੀ ਜੋ ਲੋਕਲ ਬਾਡੀ ਚੋਣਾਂ ਦੀ ਤਿਆਰੀ ਕਰ ਰਹੇ ਹਨ।