ਬਠਿੰਡਾ: ਹਰਿਆਣਾ ਵਿੱਚ ਸਿਰਸਾ ਦੇ ਪਿੰਡ ਦੇਸੂ ਜੋਧਾ ਵਿੱਚ ਬੁੱਧਵਾਰ ਨੂੰ ਛਾਪਾ ਮਾਰਨ ਗਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ। ਇਸ ਸਬੰਧੀ ਹਰਿਆਣਾ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ 40 ਤੋਂ 50 ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਹਰਿਆਣਾ ਪੁਲਿਸ ਨੇ ਐਸਆਈ ਹਰਜੀਵਨ ਸਿੰਘ ਦੇ ਬਿਆਨਾਂ 'ਤੇ ਇਹ ਕਾਰਵਾਈ ਕੀਤੀ ਹੈ।


ਹਰਿਆਣਾ ਪੁਲਿਸ ਵੱਲੋਂ ਨਾਮਜ਼ਦ ਮੁਲਜ਼ਮ ਦੀ ਪਛਾਣ ਗਗਨਦੀਪ, ਕੁਲਵਿੰਦਰ, ਭਿੰਦਾ, ਜੱਗਾ ਸਿੰਘ, ਤੇਜਾ ਤੇ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪਿੰਡ ਦੇ 40 ਤੋਂ 50 ਅਣਪਛਾਤੇ ਲੋਕਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਖਿਲਾਫ ਧਾਰਾ 307, 427, 379ਬੀ, 353, 342, 333, 332, 225, 224, 186, 149, 148, 147 ਤੇ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਆਈਜੀ ਨੇ ਦੱਸਿਆ ਕਿ ਪਿੰਡ ਰਾਮਾ ਮੰਡੀ ਵਿੱਚ ਦੋ ਨਸ਼ਾ ਤਸਕਰ ਕਾਬੂ ਕੀਤੇ ਗਏ ਸੀ। ਇਨ੍ਹਾਂ ਕੋਲੋਂ 6,000 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਸੀ। ਪੁਲਿਸ ਰਿਮਾਂਡ 'ਚ ਲਏ ਨਸ਼ਾ ਤਸਕਰਾਂ ਨੇ ਦੱਸਿਆ ਕਿ ਉਹ ਜਿਨ੍ਹਾਂ ਕੋਲੋਂ ਨਸ਼ਾ ਲੈ ਕੇ ਆਉਂਦੇ ਸੀ, ਉਹ ਨਸ਼ਾ ਤਸਕਰ ਪਿੰਡ ਦੇਸੂ ਜੋਧਾ ਵਿੱਚ ਮਿਲੇਗਾ।


ਇਸੇ ਨਿਸ਼ਾਨਦੇਹੀ ਦੇ ਆਧਾਰ 'ਤੇ ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਗੁਰਵਿੰਦਰ ਸਿੰਘ ਨੂੰ ਨਾਲ ਲੈ ਕੇ ਹਰਿਆਣਾ ਨਾਲ ਲੱਗਦੇ ਪਿੰਡ ਜੇਸੂ ਜੋਧਾ ਵਿੱਚ ਰਹਿੰਦੇ ਨਸ਼ਾ ਤਸਕਰ ਕਲਵਿੰਦਰ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਪਰ ਇਸ ਦੌਰਾਨ ਪਿੰਡ ਵਾਸੀਆਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ।