ਚੰਡੀਗੜ੍ਹ: ਹਰਿਆਣਾ ਦੇ ਪਿੰਡ ਦੇਸੂ ਜੋਧਾ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਈ ਪੰਜਾਬ ਪੁਲਿਸ ਤੇ ਪਿੰਡ ਵਾਸੀਆਂ ਵਿਚਾਲੇ ਖ਼ੂਨੀ ਝੜਪ ਹੋ ਗਈ ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੀਡੀਆ ਦੇ ਕੁਝ ਹਿੱਸੇ ਵਿੱਚ 2 ਜਣਿਆਂ ਦੀ ਮੌਤ ਦੀ ਚਰਚਾ ਹੈ ਪਰ ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ। ਦੋਵਾਂ ਧਿਰਾਂ ਵੱਲੋਂ ਕੀਤੀ ਗੋਲ਼ੀਬਾਰੀ ਵਿੱਚ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਝੜਪ ਦੌਰਾਨ ਮੁਲਜ਼ਮਾਂ ਨੇ ਮਹਿਲਾਵਾਂ ਸਮੇਤ ਮਿਲ ਕੇ ਪੁਲਿਸ 'ਤੇ ਹਮਲਾ ਕੀਤਾ ਤੇ ਪੁਲਿਸ ਮੁਲਾਜ਼ਮ ਨੂੰ ਘਸੀਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਆਈਜੀ ਨੇ ਦੱਸਿਆ ਕਿ ਪਿੰਡ ਰਾਮਾ ਮੰਡੀ ਵਿੱਚ ਦੋ ਨਸ਼ਾ ਤਸਕਰ ਕਾਬੂ ਕੀਤੇ ਗਏ ਸੀ। ਇਨ੍ਹਾਂ ਕੋਲੋਂ 6,000 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਸੀ। ਪੁਲਿਸ ਰਿਮਾਂਡ 'ਚ ਲਏ ਨਸ਼ਾ ਤਸਕਰਾਂ ਨੇ ਦੱਸਿਆ ਕਿ ਉਹ ਜਿਨ੍ਹਾਂ ਕੋਲੋਂ ਨਸ਼ਾ ਲੈ ਕੇ ਆਉਂਦੇ ਸੀ, ਉਹ ਨਸ਼ਾ ਤਸਕਰ ਪਿੰਡ ਦੇਸੂ ਜੋਧਾ ਵਿੱਚ ਮਿਲੇਗਾ।
ਇਸੇ ਨਿਸ਼ਾਨਦੇਹੀ ਦੇ ਆਧਾਰ 'ਤੇ ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਗੁਰਵਿੰਦਰ ਸਿੰਘ ਨੂੰ ਨਾਲ ਲੈ ਕੇ ਹਰਿਆਣਾ ਨਾਲ ਲੱਗਦੇ ਪਿੰਡ ਜੇਸੂ ਜੋਧਾ ਵਿੱਚ ਰਹਿੰਦੇ ਨਸ਼ਾ ਤਸਕਰ ਕਲਵਿੰਦਰ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਪਰ ਇਸ ਦੌਰਾਨ ਪਿੰਡ ਵਾਸੀ ਪੁਲਿਸ 'ਤੇ ਕਹਿਰ ਬਣ ਵਰ੍ਹ ਗਏ। ਪਿੰਡ ਵਾਸੀਆਂ ਫਾਇਰਿੰਗ ਵੀ ਕੀਤੀ। ਇਸ ਦੇ ਜਵਾਬ ਵਿੱਚ ਪਿੰਡ ਵਾਸੀਆਂ ਤੇ ਬਠਿੰਡਾ ਪੁਲਿਸ ਵਿਚਾਲੇ ਫਾਇਰਿੰਗ ਹੋਈ। ਬਠਿੰਡਾ ਪੁਲਿਸ ਦੇ 7 ਮੁਲਾਜ਼ਮ ਜ਼ਖ਼ਮੀ ਹੋ ਗਏ। ਇਨ੍ਹਾਂ ਦਾ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਹਾਲਾਂਕਿ ਪੰਜਾਬ ਪੁਲਿਸ ਦੇ ਆਈਜੀ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਦੌਰਾਨ ਕਿਸੇ ਵੀ ਮੁਲਾਜ਼ਮ ਦੀ ਮੌਤ ਨਹੀਂ ਹੋਈ। ਪਿੰਡ ਦੇਸੂ ਜੋਧਾ ਦੇ ਵਸਨੀਕ ਜੱਗਾ ਸਿੰਘ ਦੀ ਮੌਤ ਬਾਰੇ ਜੋ ਗੱਲ ਕਹੀ ਜਾ ਰਹੀ ਹੈ, ਹਰਿਆਣਾ ਪੁਲਿਸ ਉਸ ਦੀ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ ਫਿਲਹਾਲ ਬਠਿੰਡਾ ਪੁਲਿਸ ਕੁਝ ਨਹੀਂ ਜਾਣਦੀ।