ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਕੰਪਲੈਕਸ ਵਿੱਚ ਹਰ ਕਿਸਮ ਦੇ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਸਭ ਤੋਂ ਵੱਡੀ ਵਿਰਾਸਤ ਵਾਲੇ ਸਿੱਖ ਧਰਮ ਅਸਥਾਨ ਨੇ ਡਿਸਪੋਜ਼ੇਬਲ ਪਲੇਟਾਂ, ਗਲਾਸ, ਚਮਚ, ਥਰਮੋਕੋਲ ਕੱਪ ਤੇ ਪਲੇਟਾਂ ਆਦਿ ਉੱਤੇ ਪਾਬੰਦੀ ਲਗਾ ਦਿੱਤੀ ਹੈ।


ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਸਟਿਕ ਦੇ ਬਰਤਨਾਂ ਦੀ ਥਾਂ ਹੁਣ ਸਟੀਲ ਦੇ ਕੌਲਿਆਂ ਦੀ ਵਰਤੋਂ ਕੀਤੀ ਜਾਏਗੀ। ਪੀਣ ਵਾਲੇ ਪਾਣੀ ਦੀ ਲਈ ਸਟੀਲ ਦੇ ਕਟੋਰੇ ਤੇ ਸ਼ਰਧਾਲੂਆਂ ਨੂੰ ਲੰਗਰ ਛਕਾਉਣ ਲਈ ਵੀ ਸਟੀਲ ਦੀਆਂ ਪਲੇਟਾਂ ਦਾ ਇਸਤੇਮਾਲ ਕੀਤਾ ਜਾਏਗਾ।


'ਪ੍ਰਸ਼ਾਦ' ਤੇ ਸ਼ਰਧਾਲੂਆਂ ਨੂੰ ਰੋਜ਼ਾਨਾ ਫਲ ਵੰਡਣ ਲਈ ਵਰਤੇ ਜਾਂਦੇ ਲਗਪਗ 5,000 ਪੌਲੀ ਬੈਗ/ਥਰਮੋਕਲ ਕੱਪ ਪਲੇਟਾਂ ਨੂੰ 2 ਅਕਤੂਬਰ ਤੋਂ ਵਾਤਾਵਰਣ ਪੱਖੀ ਜੂਟ ਬੈਗ ਤੇ ਪੱਤਿਆਂ ਦੇ ਕਟੋਰੇ ਨਾਲ ਤਬਦੀਲ ਕਰ ਦਿੱਤਾ ਗਿਆ ਹੈ।


ਇੱਕ ਬਿਆਨ ਦੇ ਅਨੁਸਾਰ, ਦਿੱਲੀ ਵਿਚ ਸਭ ਤੋਂ ਸਵੱਛ ਜਗ੍ਹਾ ਦਾ ਦਰਜਾ ਹਾਸਲ ਕਰਨ ਲਈ ਧਾਰਮਕ ਸੰਸਥਾ ਇਸ ਤੋਂ ਇਲਾਵਾ ਵੀ ਕਈ ਹੋਰ ਵਾਤਾਵਰਣ-ਪੱਖੀ ਪਹਿਲਕਦਮੀਆਂ ਕਰ ਰਹੀ ਹੈ।