ਚੰਡੀਗੜ੍ਹ: ਕਿਸਾਨ ਅੰਦੋਲਨ ਵਿੱਚ ਸਭ ਤੋਂ ਵੱਧ ਗੁੱਸੇ ਦਾ ਸ਼ਿਕਾਰ ਮੀਡੀਆ ਹੋ ਰਿਹਾ ਹੈ। ਕਿਸਾਨ ਸੰਘਰਸ਼ ਖਿਲਾਫ ਰਿਪੋਰਟਿੰਗ ਕਰਨ ਵਾਲੇ ਮੀਡੀਆ ਦੇ ਬਾਈਕਾਟ ਦਾ ਐਲਾਨ ਹੋ ਰਿਹਾ ਹੈ। ਪੰਜਾਬ ਦੀਆਂ ਕਈ ਪੰਚਾਇਤਾਂ ਵੱਲੋਂ ਮੀਡੀਆ ਦੇ ਬਾਈਕਾਟ ਦੇ ਮਤਿਆਂ ਮਗਰੋਂ ਹਰਿਆਣਾ ਦੀ ਸਿੱਖ ਸੰਗਤ ਨੇ ਵੀ ਅਜਿਹਾ ਐਲਾਨ ਕੀਤਾ ਹੈ। ਹਰਿਆਣਾ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨ ਵਿਰੋਧੀ ਖ਼ਬਰਾਂ ਦਿਖਾਉਣ ਵਾਲੇ ਮੀਡੀਆ ਦਾ ਬਾਈਕਾਟ ਕੀਤਾ ਜਾਵੇ।



ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਬੁੱਧਵਾਰ ਨੂੰ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਖੁੱਲ੍ਹੇ ਅਸਮਾਨ ਹੇਠ ਦਿੱਲੀ ਦੀਆਂ ਸੜਕਾਂ ’ਤੇ ਢਾਈ ਮਹੀਨਿਆਂ ਤੋਂ ਡਟੇ ਹੋਏ ਹਨ। ਇਸ ਦੇ ਬਾਵਜੂਦ ਮੀਡੀਆ ਦਾ ਕੁਝ ਹਿੱਸਾ ਕਿਸਾਨਾਂ ਖ਼ਿਲਾਫ਼ ਹੀ ਖ਼ਬਰਾਂ ਵਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਉਹ ਕਲਾਕਾਰ, ਫ਼ਿਲਮੀ ਅਦਾਕਾਰ ਤੇ ਗਾਇਕ ਜਿਹੜੇ ਕਿਸਾਨ ਵਿਰੋਧੀ ਮੀਡੀਆ ਨਾਲ ਸਾਂਝ ਰੱਖਣਗੇ, ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ।

‘ਖਾਲਸਾ ਪੰਚਾਇਤ’ ਦੇ ਰਾਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਅੰਦੋਲਨ ਖ਼ਿਲਾਫ਼ ਇਕਪਾਸੜ ਖ਼ਬਰਾਂ ਦਿਖਾ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਨਾ ਤਾਂ ਭਾਰਤ ਸਰਕਾਰ ਨੇ ਕੋਈ ਨੀਤੀ ਤਿਆਰ ਕੀਤੀ ਹੈ ਤੇ ਨਾ ਹੀ ਸੁਪਰੀਮ ਕੋਰਟ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਕਿਸਾਨ ਵਿਰੋਧੀ ਮੀਡੀਆ ਦਾ ਬਾਈਕਾਟ ਕੀਤਾ ਜਾਵੇ।