Election Commision: ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਵੋਟਾਂ ਦੀ ਤਰੀਕ ਵਧਾ ਦਿੱਤੀ ਹੈ। ਸੂਬੇ ‘ਚ ਹੁਣ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਸੂਬੇ ‘ਚ 1 ਅਕਤੂਬਰ ਨੂੰ ਵੋਟਿੰਗ ਹੋਣੀ ਸੀ, ਜਦਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 4 ਅਕਤੂਬਰ ਨੂੰ ਨਤੀਜੇ ਆਉਣੇ ਸਨ। ਹੁਣ ਦੋਵਾਂ ਸੂਬਿਆਂ ਦੇ ਚੋਣ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ। ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਵੋਟਾਂ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਸੀ।
ਤਿਉਹਾਰਾਂ ਅਤੇ ਛੁੱਟੀਆਂ ਦੇ ਮੱਦੇਨਜ਼ਰ ਚੋਣਾਂ ਮੁਲਤਵੀ ਕਰਨ ਦੀ ਕੀਤੀ ਸੀ ਮੰਗ
ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇ ਤਿਉਹਾਰਾਂ ਅਤੇ ਛੁੱਟੀਆਂ ਦੇ ਮੱਦੇਨਜ਼ਰ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਹੁਣ ਚੋਣ ਕਮਿਸ਼ਨ ਨੇ ਸਵੀਕਾਰ ਕਰ ਲਿਆ ਹੈ। ਚੋਣਾਂ ਮੁਲਤਵੀ ਕਰਨ ਬਾਰੇ ਕਿਹਾ ਗਿਆ ਕਿ 1 ਅਕਤੂਬਰ ਦੀ ਤਰੀਕ ਵੀਕਐਂਡ, ਜਨਤਕ ਛੁੱਟੀਆਂ ਅਤੇ ਤਿਉਹਾਰਾਂ ਨਾਲ ਟਕਰਾ ਰਹੀ ਹੈ। ਇਹ ਸ਼ਨੀਵਾਰ ਅਤੇ ਐਤਵਾਰ, ਸਤੰਬਰ 28-29 ਹੈ। ਇਸ ਤੋਂ ਬਾਅਦ 2 ਅਕਤੂਬਰ ਬੁੱਧਵਾਰ ਨੂੰ ਵੀ ਛੁੱਟੀ ਹੈ, ਅਜਿਹੇ ‘ਚ ਲੋਕਾਂ ਦੇ ਸ਼ਹਿਰ ਤੋਂ ਬਾਹਰ ਜਾਣ ਦੀ ਸੰਭਾਵਨਾ ਹੈ।
ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਕੀਤਾ ਸੀ ਫੈਸਲਾ
ਚੋਣ ਕਮਿਸ਼ਨ ਨੇ 16 ਅਗਸਤ ਨੂੰ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਫੈਸਲਾ ਕੀਤਾ ਸੀ। ਜੰਮੂ-ਕਸ਼ਮੀਰ ‘ਚ ਤਿੰਨ ਪੜਾਵਾਂ ‘ਚ ਚੋਣਾਂ ਹੋਣਗੀਆਂ, ਜਦਕਿ ਹਰਿਆਣਾ ‘ਚ ਸਿਰਫ ਇਕ ਪੜਾਅ ‘ਚ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਜੰਮੂ-ਕਸ਼ਮੀਰ ‘ਚ ਹੱਦਬੰਦੀ ਤੋਂ ਬਾਅਦ ਵਿਧਾਨ ਸਭਾ ਸੀਟਾਂ ਦੀ ਗਿਣਤੀ 90 ਹੋ ਗਈ ਹੈ। ਹਰਿਆਣਾ ਵਿੱਚ ਵੀ 90 ਸੀਟਾਂ ਹਨ। ਜੰਮੂ-ਕਸ਼ਮੀਰ ‘ਚ 18, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੈ। ਹਰਿਆਣਾ ਵਿੱਚ ਵੀ ਪਹਿਲੀ ਅਕਤੂਬਰ ਨੂੰ ਵੋਟਾਂ ਪੈਣੀਆਂ ਸਨ। ਜਦੋਂਕਿ ਦੋਵਾਂ ਸੂਬਿਆਂ ਦੇ ਨਤੀਜੇ 4 ਅਕਤੂਬਰ ਨੂੰ ਇੱਕੋ ਸਮੇਂ ਸਾਹਮਣੇ ਆਉਣੇ ਸਨ।
ਹੁਣ ਜਦੋਂ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ ਵਧਾ ਦਿੱਤੀ ਹੈ ਤਾਂ ਉਸ ਨੂੰ ਗਿਣਤੀ ਵੀ ਅੱਗੇ ਵਧਾਉਣੀ ਪਈ ਹੈ। ਇਸ ਲਈ ਹੁਣ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ 4 ਅਕਤੂਬਰ ਦੀ ਬਜਾਏ 8 ਅਕਤੂਬਰ ਨੂੰ ਸਾਹਮਣੇ ਆਉਣਗੇ। ਜੰਮੂ-ਕਸ਼ਮੀਰ ‘ਚ ਕਰੀਬ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। 2019 ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।