ਗੁਰਦਾਸਪੁਰ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ 'ਚ ਇੱਥੋਂ ਦੇ ਹੀ ਕਰਮਚਾਰੀ ਵੱਲੋਂ ਜੇਲ੍ਹ 'ਚ ਮੋਬਾਈਲ ਫ਼ੋਨ ਪਹੁੰਚਾਏ ਜਾਂਦੇ ਸਨ। ਗੁਰਦਾਸਪੁਰ ਦੀ ਜੇਲ੍ਹ 'ਚ 2 ਮਈ ਨੂੰ ਐਸਐਸਪੀ ਹਰਚਰਨ ਸਿੰਘ ਭੁੱਲਰ ਵੱਲੋਂ ਆਪਣੀ ਟੀਮ ਦੇ ਨਾਲ ਚੈਕਿੰਗ ਤੋਂ ਬਾਅਦ ਪੁਲਿਸ ਜਾਂਚ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਛਾਪੇਮਾਰੀ ਦੌਰਾਨ ਜੇਲ ਚੋਂ 9 ਮੋਬਾਇਲ ਫੋਨ ਬਰਾਮਦ ਕੀਤੇ ਗਏ।

 

ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਫੜੇ ਗਏ ਮੋਬਾਇਲ ਫ਼ੋਨਾਂ ਦੀ ਜਾਂਚ ਤੋਂ ਬਾਅਦ ਅਹਿਮ ਖੁਲਾਸੇ ਹੋਏ ਹਨ, ਜਿਸ ਦੇ ਆਧਾਰ 'ਤੇ ਪੰਜ ਕੈਦੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜੇਲ੍ਹ 'ਚ ਬੰਦ ਇਨ੍ਹਾਂ ਕੈਦੀਆਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਜੇਲ੍ਹ ਅੰਦਰ ਤਾਇਨਾਤ ਹੌਲਦਾਰ ਜਸਵੰਤ ਸਿੰਘ ਉਰਫ਼ ਸੋਨਾ ਕੈਦੀਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਜੇਲ 'ਚ ਫ਼ੋਨ ਵਰਤਨ ਦੀ ਖੁੱਲ੍ਹ ਦਿੰਦਾ ਸੀ।

ਇਸ ਤੋਂ ਪਹਿਲਾਂ ਵੀ ਇਸੇ ਹੌਲਦਾਰ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਕਾਰਨ ਇਸ ਦੀ ਬਦਲੀ ਨਾਭਾ ਜੇਲ 'ਚ ਕੀਤੀ ਗਈ ਸੀ। ਫਿਲਹਾਲ ਹੌਲਦਾਰ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।