ਜਲੰਧਰ: ਪੰਜਾਬ ਦੀ ਸਿਆਸਤ ਵਿੱਚ ਘਮਸਾਣ ਮਚਾਉਣ ਵਾਲੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਹੁਣ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਮਨੋਵਿਗਿਆਨਕ ਇਲਾਜ ਵੀ ਜਾਰੀ ਹੈ। ਜਲੰਧਰ ਪੁਲਿਸ ਨੇ ਸ਼ੁੱਕਰਵਾਰ ਨੂੰ ਬਾਜਵਾ ਨੂੰ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ ਅਤੇ ਕਪੂਰਥਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਸੀ, ਪਰ ਰਾਤ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਦਰਅਸਲ, ਬਾਜਵਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਪਿਛਲੀ ਮੈਡੀਕਲ ਰਿਪੋਰਟ ਦਿਖਾਈ ਸੀ, ਜਿਸ ਤੋਂ ਇਹ ਸਾਫ਼ ਹੋਇਆ ਸੀ ਕਿ ਥਾਣੇਦਾਰ ਦਾ ਸਾਈਕੈਟ੍ਰਿਕਸ ਕੋਲੋਂ ਇਲਾਜ ਜਾਰੀ ਹੈ। ਇਸ ਤੋਂ ਬਾਅਦ ਕਪੂਰਥਲਾ ਦੇ ਡਾਕਟਰ ਨੇ ਜਾਂਚ ਤੋਂ ਬਾਅਦ ਬਾਜਵਾ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਸੀ।
ਜਦ ਇਸ ਬਾਰੇ ਪੱਤਰਕਾਰਾਂ ਨੇ ਏਡੀਸੀਪੀ ਮਨਦੀਪ ਸਿੰਘ ਤੋਂ ਜਾਣਨਾ ਚਾਹਿਆ ਤਾਂ ਉਹ ਭੱਜਦੇ ਹੋਏ ਨਜ਼ਰ ਆਏ। ਜਿਸ ਤਰ੍ਹਾਂ ਬੀਤੇ ਕੱਲ੍ਹ ਤੋਂ ਬਾਜਵਾ ਵਿਰੁੱਧ ਪੁਲਿਸ ਦੀ ਤੁਰਤ-ਫੁਰਤ ਕਾਰਵਾਈ ਹੋਈ ਹੈ, ਉਸ ਤੋਂ ਇਹ ਸਾਫ਼ ਜ਼ਾਹਰ ਹੈ ਕਿ ਪੁਲਿਸ 'ਤੇ ਸਰਕਾਰ ਦਾ ਕਾਫੀ ਦਬਾਅ ਹੈ। ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੇ ਵੀ ਬਾਜਵਾ ਦੀ ਥਾਂ 'ਤੇ ਮਹਿਤਪੁਰ ਥਾਣੇ ਵਿੱਚ ਇੰਸਪੈਕਟਰ ਹਰਦੀਪ ਸਿੰਘ ਨੂੰ ਤਾਇਨਾਤ ਕਰ ਦਿੱਤਾ ਹੈ।