ਚੰਡੀਗੜ੍ਹ: ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂਆਂ ਦੇ ਲਗਾਤਾਰ ਵਧਦੇ ਕਰੋਨਾਵਾਇਰਸ ਕੇਸਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚਰਚਾ ਛਿੜ ਗਈ ਹੈ ਕਿ ਜੇਕਰ ਮਹਾਰਾਸ਼ਟਰ ਸਰਕਾਰ ਨੇ ਇਨ੍ਹਾਂ ਨੂੰ ਕਲੀਨ ਚਿੱਟੀ ਦਿੱਤੀ ਸੀ ਤਾਂ ਪੰਜਾਬ ਆਉਂਦਿਆਂ ਹੀ ਇਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਕਿਵੇਂ ਆ ਗਈ। ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਸ਼ਰਧਾਲੂਆਂ ਨੂੰ ਬੱਸਾਂ ਵਿੱਚੋਂ ਕੋਰੋਨਾ ਵਾਇਰਸ ਚੰਬੜਿਆ ਹੈ। ਅਜਿਹੇ ਵਿੱਚ ਹਾਲਤ ਬੜੀ ਗੁੰਝਲਦਾਰ ਬਣ ਗਈ ਹੈ।


ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਨੂੰ ਸ਼ੱਕੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਨਾਂਦੇੜ ਵਿੱਚ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲਿਆਂ ਨੇ ਦੱਸਿਆ ਕਿ ਸਵਾ ਮਹੀਨੇ ਦੇ ਇਸ ਠਹਿਰਾਅ ਦੌਰਾਨ ਸ਼ਰਧਾਲੂਆਂ ਦੇ ਤਿੰਨ ਵਾਰ ਟੈਸਟ ਹੋਏ ਸਨ, ਜਿਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਇਸ ਬਿਮਾਰੀ ਦੇ ਲੱਛਣ ਨਹੀਂ ਪਾਏ ਗਏ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਇਹ ਸ਼ਰਧਾਲੂ ਇੱਥੇ ਪੁੱਜਦੇ ਹੀ ਕਰੋਨਾ ਪੀੜਤ ਹੋ ਗਏ।

ਤਖਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਵਿੱਚ ਸਾਰੇ ਸ਼ਰਧਾਲੂਆਂ ਦੇ ਟੈਸਟ ਕਰਾਏ ਗਏ ਤੇ ਕਿਸੇ ਨੂੰ ਕੋਈ ਤਕਲੀਫ਼ ਨਹੀਂ ਪਾਈ ਗਈ। ਸਭ ਨੂੰ ਇੱਕ ਮਹੀਨੇ ਤੋਂ ਹੀ ਇਕਾਂਤਵਾਸ ’ਚ ਰੱਖਿਆ ਹੋਇਆ ਸੀ। ਸਰਾਵਾਂ ਵਿੱਚ ਸਮਾਜਿਕ ਦੂਰੀ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਹੋਇਆ ਸੀ। ਉਹ ਵੀ ਕੋਰੋਨਾ ਪੌਜ਼ੇਟਿਵ ਰਿਪੋਰਟਾਂ ਵੇਖ ਹੈਰਾਨ ਹਨ।

ਇਹ ਵੀ ਹੈਰਾਨੀ ਦੀ ਗੱਲ਼ ਹੈ ਕਿ ਜ਼ਿਲ੍ਹਾ ਨਾਂਦੇੜ ਵਿੱਚ ਹੁਣ ਤੱਕ ਕਰੋਨਾ ਦੇ ਸਿਰਫ਼ ਤਿੰਨ ਕੇਸ ਆਏ ਹਨ ਜਿਨ੍ਹਾਂ ’ਚੋਂ ਇੱਕ ਕਰੋਨਾ ਪੌਜ਼ੇਟਿਵ ਦੀ ਮੌਤ ਹੋ ਚੁੱਕੀ ਹੈ। ਨਾਂਦੇੜ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪੰਜਾਬ ਤੋਂ 24 ਅਪਰੈਲ ਨੂੰ ਅਬਚਲ ਨਗਰ ਵਿਖੇ ਆਇਆ ਹਰਪ੍ਰੀਤ ਸਿੰਘ ਪੌਜ਼ੇਟਿਵ ਪਾਇਆ ਗਿਆ ਸੀ। ਜੋ ਸਿੱਖ ਸ਼ਰਧਾਲੂ ਪੰਜਾਬ ਵਾਪਸ ਪਰਤੇ ਹਨ, ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ ਸੀ ਜਿਸ ’ਚ ਕੋਈ ਪੌਜ਼ੇਟਿਵ ਨਹੀਂ ਪਾਇਆ ਗਿਆ ਸੀ।

ਮਹਾਰਾਸ਼ਟਰ ਦੇ ਅਧਿਕਾਰੀਆਂ ਮੁਤਾਬਕ ਮੈਡੀਕਲ ਟੀਮ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਤਿੰਨ ਵਾਰ ਇਕੱਲੇ-ਇਕੱਲੇ ਸ਼ਰਧਾਲੂ ਦੇ ਟੈਸਟ ਕੀਤੇ ਪਰ ਸਭ ਨੈਗੇਟਿਵ ਪਾਏ ਗਏ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਪਰਤੇ ਲੋਕਾਂ ਨੂੰ ਰਸਤੇ ਵਿੱਚ ਕਿਧਰੋਂ ਲਾਗ ਲੱਗੀ ਹੋ ਸਕਦੀ ਹੈ।

ਪੰਜਾਬ ਚੋਂ 25 ਅਪਰੈਲ ਨੂੰ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ 80 ਬੱਸਾਂ ਨਾਂਦੇੜ ਸਾਹਿਬ ਗਈਆਂ ਸਨ, ਜਿਨ੍ਹਾਂ ’ਚ ਕਰੀਬ 2400 ਸ਼ਰਧਾਲੂ ਵਾਪਸ ਪਰਤੇ ਸਨ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ’ਚ ਵੱਖਰੇ 325 ਦੇ ਕਰੀਬ ਸ਼ਰਧਾਲੂ ਠਹਿਰੇ ਹੋਏ ਸਨ, ਜਿਨ੍ਹਾਂ ਨੂੰ ਤਖਤ ਸਾਹਿਬ ਤਰਫ਼ੋਂ ਪ੍ਰਾਈਵੇਟ ਬੱਸਾਂ ਦਾ ਇੰਤਜ਼ਾਮ ਕਰਕੇ ਅੰਮ੍ਰਿਤਸਰ, ਹਰਿਆਣਾ ਤੇ ਦਿੱਲੀ ਛੱਡਿਆ ਗਿਆ। ਗੁਰਦੁਆਰਾ ਲੰਗਰ ਸਾਹਿਬ ਵਿਚ ਕਰੀਬ ਤਿੰਨ ਹਜ਼ਾਰ ਸਰਧਾਲੂ ਠਹਿਰੇ ਹੋਏ ਸਨ ਜੋ 7 ਮਾਰਚ ਨੂੰ ਨਾਂਦੇੜ ਸਾਹਿਬ ਪੁੱਜੇ ਸਨ।