ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਔਰਤ ਨੇ ਸੁੱਖੀਂ-ਸਾਂਦੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਹੈ। ਸ਼ਹਿਰ ਦੀ ਬਾਪੂ ਧਾਮ ਕਲੋਨੀ ਰਹਿਣ ਵਾਲੀ ਪੀੜਤਾ ਦੇ ਬੱਚੇ ਦਾ ਕੋਰੋਨਾ ਤੋਂ ਬਚਾਅ ਹੋ ਗਿਆ ਹੈ।

ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਪਹਿਲੀ ਵਾਰ ਕਿਸੇ ਕਰੋਨਾ ਪੀੜਤ ਨੇ ਬੱਚੇ ਨੂੰ ਜਨਮ ਦਿੱਤਾ। ਜੱਚਾ-ਬੱਚਾ ਦੋਵੇਂ ਆਈਸੋਲੇਸ਼ਨ ਵਾਰਡ ਵਿੱਚ ਹਨ ਅਤੇ ਸਿਹਤਮੰਦ ਵੀ ਹਨ। ਡਾਕਟਰਾਂ ਨੇ ਬੱਚੇ ਦਾ ਕੋਰੋਨਾ ਟੈਸਟ ਵੀ ਕਰ ਲਿਆ ਹੈ ਅਤੇ ਰਿਪੋਰਟ ਨੈਗੇਟਿਵ ਆਈ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਹੁਣ ਤਕ 73 ਲੋਕ ਕੋਰੋਨਾ ਪੌਜ਼ਿਟਿਵ ਹਨ ਅਤੇ ਤਕਰੀਬਨ ਤਿੰਨ ਦਰਜਨ ਤੋਂ ਵੱਧ ਮਾਮਲੇ ਸ਼ਹਿਰ ਦੀ ਬਾਪੂ ਧਾਮ ਕਾਲੋਨੀ ਦੇ ਹੀ ਹਨ। ਦਰਅਸਲ, ਇੱਥੇ ਰਹਿਣ ਵਾਲੇ ਅਤੇ ਸੈਕਟਰ 32 ਦੇ ਹਸਪਤਾਲ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਸਮਾਜਕ ਦੂਰੀ ਦੇ ਨੇਮਾਂ ਛਿੱਕੇ ਟੰਗ ਆਪਣੇ ਘਰ ਦੀ ਛੱਤ 'ਤੇ ਵਿਆਹ ਦੀ ਸਾਲਗਿਰ੍ਹਾ ਦੀ ਪਾਰਟੀ ਦਿੱਤੀ ਸੀ, ਜਿਸ ਵਿੱਚ 100 ਤੋਂ ਵੱਧ ਲੋਕ ਸ਼ਾਮਲ ਹੋਏ ਸਨ।