ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕਿਸਮ ਦਾ ਖਿਲਵਾੜ ਬਰਦਾਸ਼ਤ ਨਹੀਂ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿੱਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।


ਮੀਟਿੰਗ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਬਰਦਾਸ਼ਤ ਕੀਤਾ ਨਹੀਂ ਜਾਏਗਾ ਅਤੇ ਅਜਿਹਾ ਕਰਨ ਵਾਲੇ ਦੋਸ਼ੀ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੱਚੇ ਅਤੇ ਪੱਕ ਚੁੱਕੇ ਖਾਣੇ ਦੇ ਸੈਂਪਲ ਲੈਣ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਦੁੱਧ ਵਿੱਚ ਹੋ ਰਹੀ ਮਿਲਾਵਟ ਤੇ ਵਿਸ਼ੇਸ਼ ਧਿਆਨ ਦੇਣ ਤੇ ਵੀ ਜੋਰ ਦਿੱਤਾ।


ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਜਲਦੀ ਹੀ ਸੂਬੇ ਦੇ ਫੂਡ ਅਫਸਰਾਂ ਨੂੰ ਬੌਡੀ-ਕੈਮ ਮੁਹੱਈਆ ਕਰਵਾਏਗੀ ਤਾਂ ਜੋ ਸੈਂਪਲ ਲੈਣ ਤੋਂ ਲੈ ਕੇ ਲੈਬ ਤੱਕ ਪਹੁੰਚਣ ਤੱਕ ਕਿਸੇ ਕਿਸਮ ਦੀ ਗੜਬੜੀ ਨਾ ਕੀਤੀ ਜਾ ਸਕੇ। ਇਸ ਦੇ ਨਾਲ ਹੀ ਜੌੜਾਮਾਜਰਾ ਨੇ ਫੂਡ ਲੈਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਟੈਸਟ ਰਿਪੋਰਟ ਲੇਟ ਕਰਨ ਵਾਲੇ ਮੁਲਾਜ਼ਮ ਸਜ਼ਾ ਦੇ ਭਾਗੀਦਾਰ ਹੋਣਗੇ। ਸਿਹਤ ਮੰਤਰੀ ਨੇ ਮੁਲਾਜ਼ਮਾਂ ਨੂੰ ਪੰਜਾਬ ਫੂਡ ਐਕਟ ਦੀ ਪਾਲਣਾ ਸਖ਼ਤੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਹਰੇਕ 15 ਦਿਨਾਂ ਵਿੱਚ ਸੰਖੇਪ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ।


ਸਿਹਤ ਮੰਤਰੀ ਨੇ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਸੂਬੇ ਵਿੱਚ ਟੈਸਟਿੰਗ ਲੈਬਾਂ ਦੀ ਸੰਖਿਆ ਵੀ ਵਧਾਈ ਜਾਵੇਗੀ ਅਤੇ ਸੂਬੇ ਦੇ ਲੋਕਾਂ ਵਿਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸੂਬਾ ਪੱਧਰੀ ਕੈਂਪ ਲਗਾਉਣ ਤੇ ਵੀ ਜ਼ੋਰ ਦਿੱਤਾ।


ਸਿਹਤ ਮੰਤਰੀ ਨੇ ਦੱਸਿਆ ਕਿ ਸ਼ੁੱਧ ਅਤੇ ਮਿਆਰੀ ਭੋਜਨ ਤਿਆਰ ਕਰਨ ਵਾਲੇ ਰੈਸਟੋਰੈਂਟਾਂ, ਢਾਬਿਆਂ, ਹੋਟਲਾਂ ਆਦਿ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਜਿਨ੍ਹਾਂ ਦੇ ਫੂਡ ਸੈਂਪਲ ਫੇਲ੍ਹ ਹੋਣਗੇ ਉਨ੍ਹਾਂ ਦੁਕਾਨਾਂ, ਢਾਬਿਆਂ, ਰੈਸਟੋਰੈਂਟਾਂ, ਹੋਟਲਾਂ ਆਦਿ ਦੇ ਨਾਮ ਮੀਡੀਆ ਰਾਹੀਂ ਜਨਤਕ ਕੀਤੇ ਜਾਣਗੇ।


ਇਸ ਤੋਂ ਇਲਾਵਾ ਮੀਟਿੰਗ ਦੌਰਾਨ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਵਿਭਾਗ ਵਿੱਚ ਕੁਝ ਕਰਮਚਾਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਉਨ੍ਹਾਂ ਅਜਿਹੇ ਕਰਮਚਾਰੀਆਂ ਨੂੰ ਸਖ਼ਤ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਤੋਂ ਤੁਰੰਤ ਪ੍ਰਭਾਵ ਨਾਲ ਆਪਣੇ ਆਪ ਨੂੰ ਵੱਖ ਕਰ ਲੈਣ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਲਈ ਤਿਆਰ ਰਹਿਣ।


ਸਿਹਤ ਮੰਤਰੀ ਨੇ ਸੂਬੇ ਅੰਦਰ ਭੋਜਨ ਅਤੇ ਖਾਧ ਵਸਤਾਂ ਤਿਆਰ ਕਰਨ ਵਾਲੇ ਦੁਕਾਨਾਂ ਰੈਸਟੋਰੈਂਟਾਂ ਹੋਟਲਾਂ ਆਦਿ ਦੇ ਮਾਲਕਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਖਾਣਾ ਤਿਆਰ ਕਰਨ ਵਾਲੀ ਰਸੋਈ ਦੀ ਰੋਜ਼ਾਨਾ ਜਾਂਚ ਹੋਵੇ ਅਤੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਰੋਜ਼ਾਨਾ ਦੇ ਬਚੇ ਹੋਏ ਖਾਣੇ ਨੂੰ ਸਹੀ ਤਰੀਕੇ ਨਾਲ ਡਿਸਪੋਜ਼ ਆਫ ਕੀਤਾ ਜਾਵੇ।


ਇਸ ਦੇ ਨਾਲ ਹੀ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਕਿਸੇ ਵੀ ਹਾਲ ਵਿੱਚ ਸੂਬੇ ਦੇ ਸਾਰੇ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਵਿੱਚ ਦਵਾਈਆਂ ਦੀ ਕਮੀ ਨਾ ਹੋਣ ਦਿੱਤੀ ਜਾਵੇ ਅਤੇ ਇਸ ਲਈ ਦਵਾਈਆਂ ਦੀ ਅਗਾਊਂ ਖਰੀਦ ਦੇ ਪ੍ਰਬੰਧ ਵੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਦਵਾਈਆਂ ਦਾ ਸਟਾਕ ਅਤੇ ਵੰਡ ਹੁਣ ਤੋਂ ਜਿਲ੍ਹਾ ਪੱਧਰ ਤੇ ਹੀ ਕੀਤੀ ਜਾਵੇ।


ਉਨ੍ਹਾਂ ਹਸਪਤਾਲਾਂ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਤੇ ਵੀ ਜ਼ੋਰ ਦਿੱਤਾ।


ਸਿਹਤ ਮੰਤਰੀ ਜੌਡ਼ਾਮਾਜਰਾ ਨੇ ਪੁਰਾਣੀਆਂ ਹੋ ਚੁੱਕੀਆਂ ਐਕਸਰੇ ਤੇ ਅਲਟਰਾ ਸਾਊਂਡ ਮਸ਼ੀਨਾਂ ਨੂੰ ਅਪਗ੍ਰੇਡ ਕਰਨ ਦੇ ਵੀ ਹੁਕਮ ਜਾਰੀ ਕੀਤੇ ਅਤੇ ਸੂਬੇ ਅੰਦਰ ਚੱਲ ਰਹੇ ਸਾਰੇ ਐਮ ਆਰ ਆਈ ਅਤੇ ਸਿਟੀ ਸਕੈਨ ਸੈਂਟਰਾਂ ਦੇ ਦੁਆਰਾ ਕੀਤੇ ਜਾਂਦੇ ਟੈਸਟਾਂ ਦੀ ਰਿਪੋਰਟ ਵੀ ਮੰਗੀ ਗਈ।


ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਮਹਿਲਾ ਮਰੀਜ਼ਾਂ ਖ਼ਾਸ ਕਰਕੇ ਗਰਭਵਤੀ ਮਹਿਲਾਵਾਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਉਨ੍ਹਾਂ ਨਾਲ ਨਰਮੀ ਨਾਲ ਪੇਸ਼ ਆਉਣ ਦੇ ਹੁਕਮ ਵੀ ਜਾਰੀ ਕੀਤੇ।


ਉਨ੍ਹਾਂ ਕਿਹਾ ਕਿ ਉਸ ਔਰਤ ਜਾਤ ਦਾ ਸਨਮਾਨ ਕਿਵੇਂ ਘੱਟ ਕੀਤਾ ਜਾ ਸਕਦਾ ਹੈ ਜਿਸ ਦੀ ਬਦੌਲਤ ਕੋਈ ਇਨਸਾਨ ਦੁਨੀਆਂ ਵਿਚ ਆਉਂਦਾ ਹੈ ਅਤੇ ਉਸ ਨੂੰ ਦੁਨੀਆਂ ਦੇਖਣ ਦਾ ਸਬੱਬ ਪ੍ਰਾਪਤ ਹੁੰਦਾ ਹੈ।


ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਐਂਬੂਲੈਂਸ ਸੇਵਾਵਾਂ ਨੂੰ ਵੀ ਹੋਰ ਜ਼ਿਆਦਾ ਸੁਚੱਜੇ ਢੰਗ ਨਾਲ ਚਲਾਉਣ ਦੀ ਤਾਕੀਦ ਕੀਤੀ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ।


ਮੀਟਿੰਗ ਦੌਰਾਨ ਸੀਐਚਸੀ ਗੋਨਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਉਨ੍ਹਾਂ ਦੇ ਸਿਹਤ ਸੇਵਾਵਾਂ ਵਿੱਚ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ।


ਇਸ ਮੌਕੇ ਸਕੱਤਰ ਸਿਹਤ ਅਜੋਯ ਸ਼ਰਮਾ ਨੇ ਅਧਿਕਾਰੀਆਂ ਨੂੰ ਮਾਣਯੋਗ ਮੰਤਰੀ ਜੀ ਵੱਲੋਂ ਕੀਤਿਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਐਮ ਡੀ ਐਨ ਐਚ ਐਮ ਕਮ ਫੂਡ ਕਮਿਸ਼ਨਰ ਪੰਜਾਬ ਅਭਿਨਵ ਤ੍ਰਿਖਾ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ ਅਤੇ ਹੋਰ ਸਿਹਤ ਅਧਿਕਾਰੀ ਹਾਜਰ ਸਨ।