ਪੰਜਾਬ 'ਚ ਦੂਰ-ਦੂਰ ਤਕ ਮੀਂਹ, ਕਿਸਾਨਾਂ ਦੇ ਸਾਹ ਸੂਤੇ
ਏਬੀਪੀ ਸਾਂਝਾ | 22 Sep 2018 12:49 PM (IST)
ਚੰਡੀਗੜ੍ਹ: ਬੀਤੇ ਦਿਨੀਂ ਸਰਕਾਰ ਵੱਲੋਂ ਜਾਰੀ ਆਉਂਦੇ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਸ਼ਨੀਵਾਰ ਸਵੇਰ ਤੋਂ ਬਰਸਾਤ ਹੋਏ ਅਤੇ ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਭਾਰੀ ਮੀਂਹ ਪਿਆ। ਅੱਜ ਸਵੇਰੇ ਵੀ ਦਿੱਲੀ ਤੇ ਨੇੜਲੇ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਮੀਂਹ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਚੇਤਾਵਨੀ ਵਿੱਚ ਦੱਸਿਆ ਗਿਆ ਸੀ ਕਿ ਮਾਲਵਾ, ਮਾਝਾ ਤੇ ਦੋਆਬਾ ਖੇਤਰ ਵਿੱਚ 7 ਤੋਂ 12 ਸੈਂਟੀਮੀਟਰ ਬਰਸਾਤ ਪੈ ਸਕਦੀ ਹੈ। ਅੱਜ ਸਵੇਰ ਤੋਂ ਹੀ ਚੰਡੀਗੜ੍ਹ ਤੋਂ ਲੈਕੇ ਮੁਹਾਲੀ, ਪਟਿਆਲਾ, ਸੰਗਰੂਰ ਤੇ ਬਰਨਾਲਾ ਤਕ ਦੂਰ-ਦੂਰ ਭਰਵਾਂ ਮੀਂਹ ਪਿਆ। ਹਾਲਾਂਕਿ, ਬਠਿੰਡਾ ਵਾਲੇ ਪਾਸੇ ਹਲਕੀ ਬਾਰਿਸ਼ ਹੋਈ ਪਰ ਤੇਜ਼ ਹਵਾਵਾਂ ਤੇ ਕਾਲੇ ਬੱਦਲਾਂ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਦੂਜੇ ਪਾਸੇ ਦੋਆਬੇ ਵਿੱਚ ਕਈ ਥਾਈਂ ਹਲਕੀ ਬਰਸਾਤ ਹੋਈ ਪਰ ਤੇਜ਼ ਹਵਾਵਾਂ ਵੀ ਚੱਲੀਆਂ। ਅੰਮ੍ਰਿਤਸਰ ਵਿੱਚ ਵੀ ਸਵੇਰ ਤੋਂ ਭਾਰੀ ਬਰਸਾਤ ਹੋ ਰਹੀ ਹੈ। ਮੀਂਹ ਕਾਰਨ ਜਿੱਥੇ ਸੜਕਾਂ 'ਤੇ ਪਾਣੀ ਖੜ੍ਹਨ ਨਾਲ ਲੰਮੇ-ਲੰਮੇ ਜਾਮ ਲੱਗ ਗਏ, ਉੱਥੇ ਵੀ ਕਿਸਾਨਾਂ ਦੇ ਚਿਹਰੇ ਮੁਰਝਾਅ ਗਏ ਹਨ। ਬੇਸ਼ੱਕ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਬਹੁਤਾਤ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇਸ ਸਮੇਂ ਸਾਉਣੀ ਦੀਆਂ ਫ਼ਸਲਾਂ ਪੱਕਣ ਕਿਨਾਰੇ ਹਨ ਅਤੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਵੀ ਸ਼ੁਰੂ ਹੋਣ ਵਾਲੀ ਹੈ। ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਮਨਾਂ ਵਿੱਚ ਫ਼ਸਲ ਦੇ ਵਿਛ ਜਾਣ ਕਾਰਨ ਖਰਾਬੇ ਅਤੇ ਮੀਂਹ ਕਾਰਨ ਇਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋ ਜਾਣ ਦਾ ਡਰ ਹੈ। ਉੱਧਰ, ਇਸ ਮੀਂਹ ਨੇ ਨਰਮਾ ਕਾਸ਼ਤਕਾਰਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਘੱਟ ਪਾਣੀ ਵਾਲੀ ਇਸ ਫ਼ਸਲ ਦਾ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ। ਖੇਤੀ ਮਾਹਰਾਂ ਨੇ ਵੀ ਇਸ ਮੀਂਹ ਨੂੰ ਫ਼ਸਲਾਂ ਲਈ ਨੁਕਸਾਨਦਾਇਕ ਦੱਸਿਆ ਹੈ। ਵੈਸੇ ਸਰਕਾਰ ਨੇ ਬੀਤੇ ਕੱਲ੍ਹ ਜ਼ਿਲ੍ਹਾ ਅਧਿਕਾਰੀਆਂ ਨੂੰ ਲੋੜੀਂਦੇ ਬੰਦੋਬਸਤ ਕਰਨ ਦੇ ਨਿਰਦੇਸ਼ ਦਿੱਤੇ ਹਨ।