ਸਰਹੱਦ 'ਤੇ ਪੁੱਜੀ ਹੈਰੋਇਨ ਦੀ ਖੇਪ, BSF ਵੇਖ ਸਮੱਗਲਰ ਦੌੜੇ
ਏਬੀਪੀ ਸਾਂਝਾ | 27 Dec 2018 04:46 PM (IST)
ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਅੱਜ ਭਰੋਪਾਲ ਸੈਕਟਰ ਨੇੜਿਓਂ 13 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ ਵਜ਼ਨ 5 ਕਿਲੋ 610 ਗ੍ਰਾਮ ਹੈ। ਬੀਐਸਐਫ ਵੱਲੋਂ ਜਾਰੀ ਬਿਆਨ ਮੁਤਾਬਕ ਬੀਤੀ ਰਾਤ ਬੀਐਸਐਫ ਦੇ ਜਵਾਨ ਭਰੋਪਾਲ ਸੈਕਟਰ ਨੇੜੇ ਖੜ੍ਹੇ ਸਨ। ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਤੋਂ ਉਨ੍ਹਾਂ ਨੂੰ ਸਮੱਗਲਰਾਂ ਦੀ ਹਿੱਲਜੁਲ ਮਹਿਸੂਸ ਹੋਈ। ਬੀਐਸਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਜਿਸ ਤੋਂ ਬਾਅਦ ਸਮੱਗਲਰ ਭੱਜਣ ਵਿੱਚ ਸਫ਼ਲ ਹੋ ਗਏ। ਉਨ੍ਹਾਂ ਦੇ ਪੈਕੇਟ ਉੱਥੇ ਹੀ ਰਹਿ ਗਏ ਜਿਸ ਨੂੰ ਬੀਐਸਐਫ ਨੇ ਤੁਰੰਤ ਆਪਣੇ ਕਬਜ਼ੇ ਵਿੱਚ ਲੈ ਲਿਆ। ਇਨ੍ਹਾਂ 13 ਪੈਕਟਾਂ ਵਿੱਚੋਂ ਸਾਢੇ ਪੰਜ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਸਾਲ 2018 ਵਿੱਚ ਬੀਐਸਐਫ ਦੀ ਇਹ ਲਗਾਤਾਰ ਸਰਹੱਦ ਉੱਪਰੋਂ ਵੱਡੀ ਕਾਮਯਾਬੀ ਹੈ ਜਦਕਿ ਪੂਰੇ ਸਾਲ ਦੌਰਾਨ ਬੀਐਸਐਫ ਨੇ ਦੋ ਕੁਇੰਟਲ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਬੀਐਸਐਫ ਨੇ ਸਰਹੱਦ ਤੋਂ ਅਫੀਮ, ਪਾਕਿਸਤਾਨੀ ਮੋਬਾਈਲ, ਪਾਕਿਸਤਾਨੀ ਸਿੰਮ ਵਗੈਰਾ ਵੀ ਇਸ ਵਰ੍ਹੇ ਦੌਰਾਨ ਬਰਾਮਦ ਕੀਤੇ ਹਨ।