Amritpal Singh: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਦਾਅਵਾ ਕਰਨ ਵਾਲੀ ਪਟੀਸ਼ਨ 'ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਕਿਹਾ ਕਿ ਉਹ ਸਬੂਤ ਦੇਣ ਕਿ ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿੱਚ ਹੈ।


ਅੰਮ੍ਰਿਤਪਾਲ ਦੇ ਵਕੀਲ ਨੇ ਕਿਹਾ ਕਿ ਅਖ਼ਬਾਰਾਂ ਵਿੱਚ ਖ਼ਬਰਾਂ ਆਈਆਂ ਸਨ। ਸੀਸੀਟੀਵੀ ਫੁਟੇਜ਼ ਵੀ ਆਈ ਹੈ। ਇਸ ਮਗਰੋਂ ਹਾਈਕੋਰਟ ਨੇ ਕਿਹਾ ਕਿ ਖ਼ਬਰਾਂ ਦਾ ਮਤਲਬ ਸਬੂਤ ਨਹੀਂ ਹੁੰਦਾ। ਜੇਕਰ ਤੁਹਾਡੇ ਕੋਲ ਫੁਟੇਜ਼ ਹੈ ਤਾਂ ਲਿਆਓ। ਇਸ ਤੋਂ ਬਾਅਦ ਹਾਈਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਇਸ ਮਾਮਲੇ 'ਚ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ।


ਇਸ ਤੋਂ ਇਲਾਵਾ ਅਦਾਲਤ ਵੱਲੋਂ ਪੰਜਾਬ ਪੁਲਿਸ ਦੇ ਆਈਜੀ ਤੋਂ ਹਲਫ਼ਨਾਮਾ ਮੰਗਿਆ ਗਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਹਾਈਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਕਿਹਾ ਕਿ ਜੇਕਰ ਉਹ ਗ੍ਰਿਫਤਾਰੀ ਦਾ ਕੋਈ ਸਬੂਤ ਲੈ ਕੇ ਆਉਂਦੇ ਹਨ ਤਾਂ ਵਾਰੰਟ ਅਫਸਰ ਨਿਯੁਕਤ ਕੀਤਾ ਜਾਵੇਗਾ।


ਦੱਸ ਦਈਏ ਕਿ ਪੰਜਾਬ ਦੇ ਏਜੀ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਉਹ ਅੰਮ੍ਰਿਤਪਾਲ ਨੂੰ ਫੜਨ ਦੇ ਨੇੜੇ ਹੀ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ।


ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਹੋ ਰਹੀਆਂ ਨੇ ਵਾਇਰਲ


ਜ਼ਿਕਰ ਕਰ ਦਈਏ ਕਿ ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਨੇ ਨਵੀਂ ਹਿੱਲਜੁਲ ਪੈਦਾ ਕਰ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਦੀਆਂ ਇਹ ਤਸਵੀਰਾਂ ਸਪਸ਼ਟ ਕਰਦੀਆਂ ਨਜ਼ਰ ਆ ਰਹੀਆਂ ਹਨ ਕਿ ਉਹ ਸੁਰੱਖਿਆ ਏਜੰਸੀਆਂ ਤੋਂ ਬੇਪ੍ਰਵਾਹ ਹੋ ਕੇ ਵਿਚਰਦਾ ਰਿਹਾ ਤੇ ਪੁਲਿਸ ਤੋਂ ਇੱਕ ਕਦਮ ਅੱਗੇ ਰਿਹਾ। ਇਹ ਤਸਵੀਰਾਂ ਸਾਹਮਣੇ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਉੱਪਰ ਵੀ ਸਵਾਲ ਉੱਠਣ ਲੱਗੇ ਹਨ।


ਭਾਈ ਅੰਮ੍ਰਿਤਪਾਲ ਸਿੰਘ ਦੀ ਹੁਣ ਤਾਜ਼ਾ ਤਸਵੀਰ ਵਾਇਰਲ ਹੋਈ ਹੈ। ਉਹ ਆਪਣੇ ਸਾਥੀ ਪੱਪਲਪ੍ਰੀਤ ਸਿੰਘ ਜੁਗਾੜੂ ਰੇਹੜੀ ਉਪਰ ਬੈਠੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਉਹ ਪੈਂਚਰ ਲਾਉਣ ਵਾਲਾ ਵੀ ਨਜ਼ਰ ਆ ਰਿਹਾ ਹੈ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਵਾਇਰਲ ਹੋਇਆ ਸੀ।


ਦੱਸ ਦਈਏ ਕਿ ਪਹਿਲਾਂ ਸੀਸੀਟੀਵੀ ਤਸਵੀਰ ਵਾਇਰਲ ਹੋਈ ਸੀ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਰੇਹੜੀ ਉਪਰ ਬੈਠੇ ਵਿਖਾਈ ਦਿੱਤੇ ਸੀ। ਇਸ ਤਸਵੀਰ ਨੂੰ ਫਰਜ਼ੀ ਵੀ ਦੱਸਿਆ ਜਾ ਰਿਹਾ ਸੀ। ਹੁਣ ਇਹ ਤਾਜ਼ਾ ਤਸਵੀਰ ਵਾਇਰਲ ਹੋਈ ਹੈ। ਇਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦਾ ਸਾਥੀ ਪੱਪਲਪ੍ਰੀਤ ਸਿੰਘ ਦਿਖਾਈ ਦੇ ਰਹੇ ਹਨ