ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ ਨੇ ਵਿਕਾਸ ਕੰਮਾਂ ਦਾ ਰੀਵਿਊ ਕਰਨ ਲਈ ਜਿਲ੍ਹਾ ਵਿਕਾਸ ਤੇ  ਕੁਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਸਥਾਈ ਪ੍ਰਬੰਧ ਯਕੀਨੀ ਬਣਾਇਆ ਜਾਵੇ  ਅਤੇ ਕੂੜੇ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਸ ਦਾ ਠੋਸ ਹੱਲ ਕੀਤਾ ਜਾਵੇਗਾ।


ਉਨਾਂ ਕਿਹਾ ਕਿ ਡੰਪ ਵਾਲੇ ਸਥਾਨ ’ਤੇ ਹੋਰ ਨਵੀਂ ਮਸ਼ੀਨਰੀ ਲਗਾਈ ਜਾ ਰਹੀ ਹੈ ਤਾਂ ਜੋ ਕੂੜੇ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।  ਉਨਾਂ ਕਿਹਾ ਕਿ ਰਣਜੀਤ ਐਵੀਨਿਊ ਵਿਖੇ ਕੂੜੇ ਦੀਆਂ ਗੱਡੀਆਂ ਦੀ ਪਾਰਕਿੰਗ ਤੁਰੰਤ ਬੰਦ ਕੀਤੀ ਜਾਵੇ।


ਔਜਲਾ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿੰਨੇ ਵੀ ਅੰਡਰਪਾਸ ਬਣਾਏ ਜਾ ਰਹੇ ਹਨ ਉਹ 5.5 ਮੀਟਰ ਦੇ ਹੋਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਸ੍ਰੀ ਨਿਤਿਨ ਗਡਕਰੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਦੇ ਅੰਮ੍ਰਿਤਸਰ ਦੌਰੇ ਦੌਰਾਨ ਨੈਸ਼ਨਲ ਹਾਈਵੇ ਦੇ ਜੋ ਮੁੱਦੇ ਮੈਂ ਉਨਾਂ ਦੇ ਧਿਆਨ ਵਿੱਚ ਲਿਆਂਦੇ ਸਨ ਉਨਾਂ ਦੇ ਪ੍ਰੋਜੈਕਟ ਦਾ ਵਿਸਥਾਰ ਮੈਨੂੰ ਦਿੱਤਾ ਜਾਵੇ ਤਾਂ ਜੋ ਉਹ ਮੰਤਰਾਲੇ ਦੇ ਧਿਆਨ ਵਿੱਚ ਲਿਆ ਕੇ ਉਨਾਂ ਨੂੰ ਪ੍ਰਵਾਨ ਕਰਾ ਸਕਣ। 



ਔਜਲਾ ਨੇ ਸ਼ਹਿਰ ਦੀਆਂ ਡਰੇਨਾਂ ਜਿਨਾਂ ਵਿੱਚ ਤੁੰਗ ਢਾਬ, ਮਾਨਾਂਵਾਲਾ, ਭਗਤਾਂਵਾਲਾ ਅਤੇ ਤਰਨ ਤਾਰਨ ਸੜ੍ਹਕ ’ਤੇ ਸਥਿਤ ਡਰੇਨ ਸ਼ਾਮਲ ਹੈ ਵਿੱਚ ਪੈਂਦੇ ਸਨਅਤਾਂ ਦੇ ਗੰਦੇ ਪਾਣੀ ਉਤੇ ਚਿੰਤਾ ਜਾਹਿਰ ਕਰਦੇ ਇਨਾਂ ਦਾ ਸਾਰਥਿਕ ਹੱਲ ਲੱਭਣ ਲਈ ਕਿਹਾ।


ਇਸ ਮੌਕੇ ਕਮੇਟੀ ਦੇ ਸਹਾਇਕ ਚੇਅਰਮੈਨ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਬੀ:ਆਰ:ਟੀ:ਐਸ ਬੱਸ ਸੇਵਾ ਨੂੰ ਮੁੜ ਚਾਲੂ ਕਰਨ ’ਤੇ ਜੋਰ ਦਿੰਦਿਆਂ ਕਿਹਾ ਕਿ ਇਨਾਂ ਬੱਸਾਂ ਦੀ ਗਿਣਤੀ ਵਧਾਉਣ ਦੀ ਲੋੜ ਸੀ ਜਦਕਿ ਕਾਰਪੋਰੇਸ਼ਨ ਬੱਸਾ ਨੂੰ ਬੰਦ ਕਰਕੇ ਕਬਾੜ ਵਿੱਚ ਬਦਲ ਰਹੀ ਹੈ। 


ਉਨਾਂ ਲੋਕਾਂ ਦੀ ਸਹੂਲਤ ਲਈ ਇਹ ਬੱਸਾਂ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸ: ਡਿੰਪਾ ਨੇ ਨੈਸ਼ਨਲ ਹਾਈਵੇ ਲਈ ਅਕਵਾਈਰ ਕੀਤੀਆਂ ਜਮੀਨਾਂ ਦਾ ਯੋਗ ਮੁਆਵਜ਼ਾ  ਕਿਸਾਨਾਂ ਨੂੰ ਤੁਰੰਤ ਰਲੀਜ ਕਰਨ ਦੀ ਵੀ ਹਦਾਇਤ ਕੀਤੀ।


ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜਾ  ਅਧਿਕਾਰੀਆਂ ਕੋਲੋਂ ਲਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਲਿਫਟਿੰਗ ਨੂੰ ਵਧਾਉਣ ਲਈ ਹੋਰ ਨਵੀਂਆਂ ਗੱਡੀਆਂ ਸਬੰਧਤ ਕੰਪਨੀ ਵੱਲੋਂ ਲਗਾਈਆਂ ਜਾਣ।


 ਉਨਾਂ ਸ਼ਹਿਰ ਦੇ ਵੱਡੇ ਚੌਂਕਾਂ ਵਿੱਚ ਬਣਾਏ ਉੱਚੇ ਸਪੀਡ ਬ੍ਰੇਕਰ (ਟੇਬਲ ਟਾਪ) ਨੂੰ ਹਟਾਉਣ ਉਤੇ ਜ਼ੋਰ ਦਿੰਦਿਆ ਕਿਹਾ ਕਿ ਜਨਤਾ ਦੀ ਰਾਇ ਲਏ ਬਿਨਾਂ ਅਜਿਹੇ ਕੰਮ ਕਰਵਾਉਣ ਵਾਲੇ ਅਧਿਕਾਰੀ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ।  ਉਨਾਂ ਕੂੜਾ ਇਕੱਠਾ ਕਰਨ ਵਾਲੀ ਕੰਪਨੀ ਵਿੱਚ ਮੁਲਾਜ਼ਮਾਂ ਦੇ ਹੋ ਰਹੇ ਸ਼ੋਸ਼ਣ ਦਾ ਮੁੱਦਾ ਵੀ ਉਠਾਉਂਦੇ ਇਸਦੀ ਰਿਪੋਰਟ ਮੰਗੀ।


ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਮਿਥੇ ਸਮੇਂ ਅੰਦਰ ਪੂਰੇ ਕੀਤੇ ਜਾਣ। ਮੀਟਿੰਗ ਦੌਰਾਨ ਨੈਸ਼ਨਲ ਹੈਲਥ ਮਿਸ਼ਨ, ਸਵੱਛ ਭਾਰਤ ਮਿਸ਼ਨ,ਆਜੀਵਕਾ ਮਿਸ਼ਨ, ਪ੍ਰਧਾਨ ਕੌਸ਼ਲ ਵਿਕਾਸ ਯੋਜਨਾ, ਸਾਇਲ ਹੈਲਥ ਕਾਰਡ, ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਪ੍ਰੋਗਰਾਮ, ਬੇਟੀ ਬਚਾਓ-ਬੇਟੀ ਪੜਾਓ ਅਤੇ ਹੋਰ ਵੱਖ ਵੱਖ ਚੱਲ ਰਹੀਆਂ ਸਕੀਮਾਂ ਦਾ ਜਾਇਜਾ ਵੀ ਲਿਆ।