ਮੁਹਾਲੀ: ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਆਖਿਆ ਹੈ ਕਿ ਪਾਰਟੀ ਦੀਆਂ ਟਿਕਟਾਂ ਦਾ ਫ਼ੈਸਲਾ ਨਿਰੋਲ ਮੈਰਿਟ ਦੇ ਆਧਾਰ ਉੱਤੇ ਹੋਇਆ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਸ਼ੇਰਗਿੱਲ ਆਖਿਆ ਕਿ ਪਾਰਟੀ ਵਿੱਚ ਕੋਈ ਕੋਟਾ ਸਿਸਟਮ ਨਹੀਂ ਹੈ ਤੇ ਸਿਰਫ਼ ਮੈਰਿਟ ਦੇ ਆਧਾਰ ਉੱਤੇ ਟਿਕਟਾਂ ਦੀ ਵੰਡ ਕੀਤੀ ਗਈ ਹੈ।
ਯਾਦ ਰਹੇ ਕਿ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਟਿਕਟ ਦੀ ਵੰਡ ਉੱਤੇ ਇਤਰਾਜ਼ ਪਹਿਲਾਂ ਹੀ ਪ੍ਰਗਟਾ ਚੁੱਕੇ ਹਨ। ਛੋਟੇਪੁਰ ਨੇ ਸਪਸ਼ਟ ਕੀਤਾ ਸੀ ਕਿ ਕੁਝ ਲੋਕਾਂ ਨੂੰ ਟਿਕਟ ਗ਼ਲਤ ਦਿੱਤੀਆਂ ਗਈਆਂ ਤੇ ਉਹ ਇਹ ਮਾਮਲਾ ਪਾਰਟੀ ਹਾਈਕਮਾਨ ਕੋਲ ਲੈ ਕੇ ਜਾਣਗੇ।
ਹਿੰਮਤ ਸ਼ੇਰਗਿੱਲ ਨੇ ਤਾਜ਼ਾ ਬਿਆਨ ਦੇ ਕੇ ਛੋਟੇਪੁਰ ਦੀ ਨਾਰਾਜ਼ਗੀ ਨੂੰ ਖਰਾਜ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 19 ਉਮੀਦਵਾਰਾਂ ਵਿੱਚ ਵਕੀਲ, ਡਾਕਟਰ, ਸਾਬਕਾ ਸੈਨਿਕ, ਖਿਡਾਰੀ, ਕਿਸਾਨ ਤੇ ਲਘੂ ਕਾਰੋਬਾਰੀ ਸ਼ਾਮਲ ਹਨ। ਆਮ ਆਦਮੀ ਪਾਰਟੀ ਦੀ ਮੁਹਾਲੀ ਇਕਾਈ ਵੱਲੋਂ ਹਿੰਮਤ ਸ਼ੇਰਗਿੱਲ ਦੇ ਕੀਤੇ ਜਾ ਰਹੇ ਵਿਰੋਧ ਨੂੰ ਖਰਾਜ ਕਰਦਿਆਂ ਉਨ੍ਹਾਂ ਆਖਿਆ ਕਿ ਸਾਰੀ ਪਾਰਟੀ ਇੱਕਜੁੱਟ ਹੈ ਤੇ ਵਰਕਰਾਂ ਦੀ ਨਾਰਾਜ਼ਗੀ ਦੂਰ ਕਰ ਦਿੱਤੀ ਗਈ ਹੈ।
ਉਨ੍ਹਾਂ ਆਖਿਆ ਕਿ ਪਾਰਟੀ ਦੇ ਕੰਮਾਂ ਕਾਰਨ ਉਨ੍ਹਾਂ ਦੀ ਮਸਰੂਫ਼ੀਅਤ ਵਧ ਗਈ ਸੀ ਜਿਸ ਕਾਰਨ ਉਹ ਹਲਕੇ ਦੇ ਲੋਕਾਂ ਨਾਲ ਰਾਬਤਾ ਘੱਟ ਰੱਖ ਸਕੇ ਸਨ ਪਰ ਹੁਣ ਉਹ 24 ਘੰਟੇ ਮੁਹਾਲੀ ਦੇ ਲੋਕਾਂ ਦੇ ਨਾਲ ਹਨ।ਉਨ੍ਹਾਂ ਆਖਿਆ ਕਿ ਮੁਹਾਲੀ ਸੀਟ ਉੱਤੇ ਉਨ੍ਹਾਂ ਦਾ ਮੁਕਾਬਲਾ ਮਾਫ਼ੀਆ ਲੋਕਾਂ ਨਾਲ ਹੈ। ਪੰਜਾਬ ਵਿੱਚ ਲੈਂਡ, ਰੇਤ, ਨਸ਼ਾ ਤੇ ਕੇਬਲ ਮਾਫ਼ੀਆ ਦੇ ਖ਼ਿਲਾਫ਼ ਪਾਰਟੀ ਲੜਾਈ ਲੜ ਰਹੀ ਹੈ। ਇਸ ਵਿੱਚ ਲੋਕ ਵੀ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ।