ਚੰਡੀਗੜ੍ਹ: ਰਾਸ਼ਟਰੀ ਸਵੈਮ ਸੇਵਕ ਸੰਘ (ਐਰ.ਐਸ.ਐਸ.)ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ’ਤੇ ਜਾਨਲੇਵਾ ਹਮਲੇ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਬੇਸ਼ੱਕ ਪੁਲਿਸ ਨੂੰ ਹਮਲਾਵਾਰਾਂ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗਾ ਪਰ ਸੁਰੱਖਿਆ ਏਜੰਸੀਆਂ ਇਸ ਨੂੰ ਅੱਤਵਾਦੀ ਕਾਰਵਾਈ ਨਾਲ ਜੋੜ ਕੇ ਵੇਖ ਰਹੀਆਂ ਹਨ।

 

ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਖਾਲਿਸਤਾਨੀ ਪੱਖੀਆਂ ਦਾ ਹੱਥ ਹੋ ਸਕਦਾ ਹੈ। ਦੇਸ਼ ਵਿੱਚ ਬੀ.ਜੇ.ਪੀ. ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿੱਚ ਆਰ.ਐਸ.ਐਸ. ਦੀਆਂ ਸਰਗਰਮੀਆਂ ਵਧੀਆਂ ਹਨ। ਸਿੱਖਾਂ ਨੂੰ ਹਿੰਦੂਆਂ ਦਾ ਹੀ ਹਿੱਸਾ ਦੱਸਣ ਵਾਲੀ ਆਰ.ਐਸ.ਐਸ. ਤੋਂ ਗਰਮ ਖਿਆਲੀ ਹਮੇਸ਼ਾ ਖਫਾ ਰਹਿੰਦੇ ਹਨ। ਖੁਫੀਆ ਏਜੰਸੀਆਂ ਪਹਿਲਾਂ ਵੀ ਚੇਤਾਵਨੀ ਦੇ ਚੁੱਕੀਆਂ ਹਨ ਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਅੱਤਵਾਦੀ ਕਾਰਵਾਈਆਂ ਹੋ ਸਕਦੀਆਂ ਹਨ।

 

ਪੁਲਿਸ ਸੀਸੀਟੀਵੀ ਦੇ ਆਧਾਰ 'ਤੇ ਹਮਲੇ ਦਾ ਸੁਰਾਗ ਲੱਭ ਰਹੀ ਹੈ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੀ ਦੀ ਉਮਰ 20 ਤੋਂ 25 ਸਾਲ ਵਿਚਾਲੇ ਸੀ। ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਸੰਗਠਨ ਦੇ ਸਲੀਪਰ ਸੈੱਲ ਦੀ ਮਦਦ ਨਾਲ ਇਹ ਹਮਲਾ ਹੋਇਆ ਹੈ।

 

 

ਦਿਲਚਸਪ ਗੱਲ਼ ਇਹ ਹੈ ਕਿ ਆਰ.ਐਸ.ਐਸ. ਦੇ ਕਈ ਲੀਡਰਾਂ 'ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ ਪਰ ਇਨ੍ਹਾਂ ਵਿੱਚੋਂ ਕਈ ਹਮਲੇ ਲੀਡਰਾਂ ਨੇ ਖ਼ੁਦ ਹੀ ਕਰਵਾਏ ਸਨ। ਉਨ੍ਹਾਂ ਨੇ ਵੱਧ ਸੁਰੱਖਿਆ ਲੈਂ ਲਈ ਇਹ ਡਰਾਮੇ ਕੀਤੇ ਸਨ ਪਰ ਇਸ ਵਾਰ ਹੋਏ ਹਮਲੇ ਨੂੰ ਸੁਰੱਖਿਆ ਏਜੰਸੀਆਂ ਗੰਭੀਰਤਾ ਨਾਲ ਲੈ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਗਗਨੇਜਾ ਨੂੰ ਖਤਮ ਕਰਨ ਦੀ ਨੀਅਤ ਨਾਲ ਆਏ ਸਨ। ਇਹ ਹਮਲਾ ਉਨ੍ਹਾਂ ਦੀ ਨਿੱਜੀ ਰੰਜ਼ਿਸ਼ ਦਾ ਸਿੱਟਾ ਵੀ ਨਹੀਂ ਹੋ ਸਕਦਾ ਕਿਉਂਕਿ ਨਿਸ਼ਾਨਾ ਸ਼ਰੇਆਮ ਬਣਾਇਆ ਗਿਆ ਹੈ।

 

 

ਜ਼ਿਕਰਯੋਗ ਹੈ ਕਿ ਬੀਤੀ ਦੋ ਮੋਟਰਸਾਈਕਲ ਸਵਾਰਾਂ ਨੇ ਆਰ.ਐਸ.ਐਸ. ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ 65 ਸਾਲਾ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ’ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ ਸੀ। ਹਮਲਾ ਉਸ ਸਮੇਂ ਹੋਇਆ ਜਦੋਂ ਗਗਨੇਜਾ ਸ਼ਨੀਵਾਰ ਰਾਤ ਕਰੀਬ ਅੱਠ ਵਜੇ ਜੋਤੀ ਚੌਕ ਨੇੜੇ ਕਿਸੇ ਕੰਮ ਲਈ ਰੁਕੇ ਸਨ। ਇਸ ਦੌਰਾਨ ਜਿਵੇ ਹੀ ਗਗਨੇਜਾ ਆਪਣੀ ਕਾਰ ’ਚੋਂ ਉੱਤਰਿਆ ਤਾਂ ਦੋ ਮੋਟਰਸਾਈਕਲ ਸਵਾਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।

 

 

ਘਟਨਾ ਸਮੇਂ ਗਗਨੇਜਾ ਦੀ ਪਤਨੀ ਵੀ ਉਨ੍ਹਾਂ ਨਾਲ ਸੀ ਪਰ ਉਨ੍ਹਾਂ ਦਾ ਵਾਲ ਵਾਲ ਬਚਾਅ ਹੋ ਗਿਆ। ਹਮਲਾ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਗਗਨੇਜਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਗਗਨੇਜਾ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਪੁਲਿਸ ਅਨੁਸਰਾ ਹਮਲਾਵਾਰਾਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਸਨ।