ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਦੇਸ਼ਾਂ ਵਿਚਾਲੇ ਦੋਸਤੀ ਦਾ ਪੈਗਾਮ ਦੇਣ ਵਾਲਾ ਹਿੰਦ-ਪਾਕਿ ਦੋਸਤੀ ਮੇਲਾ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਹਰ ਵਾਰ ਦੀ ਤਰ੍ਹਾਂ 14 ਅਗਸਤ ਨੂੰ ਭਾਰਤ-ਪਾਕਿ ਸਬੰਧਾਂ ਦੇ ਮੁੱਦੇ 'ਤੇ ਸੈਮੀਨਾਰ ਕਰਵਾਇਆ ਜਾਵੇਗਾ। ਇਹ ਨਾਟਸ਼ਾਲਾ ਅੰਮ੍ਰਿਤਸਰ ਵਿਖੇ ਹੋਵੇਗਾ। ਸ਼ਾਮ ਨੂੰ ਸੂਫ਼ੀ ਨਾਈਟ ਕਰਵਾਈ ਜਾਵੇਗੀ।


ਇਸ ਤੋਂ ਬਾਅਦ ਜਥੇਬੰਦੀ ਦੇ ਨੁਮਾਇੰਦੇ ਚੋਣਵੀਆਂ ਹਸਤੀਆਂ ਨਾਲ ਭਾਰਤ-ਪਾਕਿਸਤਾਨ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਲਈ ਰਾਤ 12 ਵਜੇ ਜਾਣਗੇ ਜੋ ਦੋਵਾਂ ਦੇਸ਼ਾਂ ਵਿਚਾਲੇ ਅਮਨ ਸ਼ਾਂਤੀ ਦਾ ਪੈਗਾਮ ਦੇਣਗੀਆਂ। ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਨੇ ਦੱਸਿਆ ਕਿ ਇਸ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀ ਬਹਾਲੀ ਬਰਕਰਾਰ ਰੱਖਣਾ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿੱਚ ਪਿਆਰ ਦੀ ਸਾਂਝ ਵਧੇ ਇਹੀ ਇਨ੍ਹਾਂ ਦਾ ਮਕਸਦ ਹੈ।

ਸਤਨਾਮ ਸਿੰਘ ਮਾਣਕ ਨੇ ਦੱਸਿਆ ਕਿ ਇਸ ਖਿੱਤੇ ਵਿੱਚ ਸਭ ਤੋਂ ਪਹਿਲਾਂ ਸ਼ਾਂਤੀ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਉਨ੍ਹਾਂ ਦੀ 550ਵੀਂ ਜਨਮ ਸ਼ਤਾਬਦੀ ਮੌਕੇ ਇਸ ਵਾਰ ਹਿੰਦ ਪਾਕਿ ਦੋਸਤੀ ਮੇਲਾ ਜਨਮ ਸ਼ਤਾਬਦੀ ਨੂੰ ਹੀ ਸਮਰਪਿਤ ਕਰਕੇ ਸ਼ਾਂਤੀ ਦੇ ਪੈਗ਼ਾਮ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਵੱਲ ਕਦਮ ਹੈ। ਸਰਹੱਦ ਪਾਰ ਤੋਂ ਵੀ ਜੋ ਜਥੇਬੰਦੀਆਂ ਸ਼ਾਂਤੀ ਬਹਾਲੀ ਲਈ ਕਦਮ ਚੁੱਕਦੀਆਂ ਰਹਿੰਦੀਆਂ ਹਨ, ਉਹ ਵੀ ਪਾਕਿਸਤਾਨ ਵਾਲੇ ਪਾਸੇ ਵਾਹਗਾ ਵਿਖੇ 14ਅਗਸਤ ਦੀ ਸ਼ਾਮ ਨੂੰ ਮੋਮਬੱਤੀਆਂ ਜਗਾਉਣ ਲਈ ਪਹੁੰਚਣਗੀਆਂ।