HIV Case in Punjab: ਪੰਜਾਬ ਵਿੱਚ ਐਚਆਈਵੀ ਦੇ ਜਨਵਰੀ 2022 ਤੋਂ ਜਨਵਰੀ 2023 ਤੱਕ 10,109 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 88 ਕੇਸ 15 ਸਾਲ ਤੋਂ ਘੱਟ ਉਮਰ ਦੇ ਅਤੇ 10,021 ਕੇਸ 15 ਸਾਲ ਤੋਂ ਉਪਰ ਦੇ ਹਨ। 


ਇਨ੍ਹਾਂ ਵਿੱਚੋਂ 8155 ਮਰਦ, 1847 ਔਰਤਾਂ, 19 ਟਰਾਂਸਜੈਂਡਰ, 56 ਲੜਕੇ, 32 ਲੜਕੀਆਂ ਹਨ। ਸਭ ਤੋਂ ਵੱਧ ਕੇਸ ਲੁਧਿਆਣਾ ਵਿੱਚ 1711 ਹਨ। ਦੂਜੇ ਨੰਬਰ 795 'ਤੇ ਪਟਿਆਲਾ ਤੇ ਤੀਜੇ ਨੰਬਰ 'ਤੇ ਮੋਗਾ 712 ਕੇਸ ਹਨ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਵਿੱਚ ਦਿੱਤੀ ਗਈ।



ਨਸ਼ਾ ਤਸਕਰਾਂ ਖਿਲਾਫ 12,500 ਕੇਸ ਦਰਜ 


ਇਸੇ ਤਰ੍ਹਾਂ ਵਿਧਾਨ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ ਨਸ਼ਾ ਤਸਕਰਾਂ ਖਿਲਾਫ 1 ਅਪ੍ਰੈਲ 2022 ਤੋਂ 28 ਫਰਵਰੀ 2023 ਤੱਕ 12,500 ਕੇਸ ਦਰਜ ਕੀਤੇ ਗਏ। ਇਨ੍ਹਾਂ ਵਿੱਚ 18,517 ਵਿਅਕਤੀਆਂ ਦੇ ਨਾਮ ਦਰਜ ਕੀਤੇ ਗਏ ਤੇ 17,578 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।



ਪੈਨਸ਼ਨ ਵਿੱਚ ਵਾਧਾ ਕਰਨ ਦੀ ਯੋਜਨਾ 


ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਲੋਕਾਂ ਦੀ ਪੈਨਸ਼ਨ ਵਿੱਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। 


ਉਨ੍ਹਾਂ ਦੱਸਿਆ ਕਿ ਸ਼ਗਨ (ਹੁਣ ਅਸ਼ੀਰਵਾਦ) ਸਕੀਮ ਤਹਿਤ ਜੀਰਾ ਹਲਕੇ ਵਿੱਚ ਨਵੰਬਰ 2021 ਤੋਂ ਜਨਵਰੀ 2023 ਤੱਕ 682 ਕੇਸਾ ਵਿੱਚੋਂ ਫਰਵਰੀ 2022 ਤੱਕ 255 ਕੇਸਾਂ ਨੂੰ 1,30,05,000/- ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਮਾਰਚ 2022 ਤੋਂ 31 ਜਨਵਰੀ 2023 ਤੱਕ ਅਦਾਇਗੀ ਲਈ 427 ਕੇਸ ਲੰਬਿਤ ਹਨ। ਇਨ੍ਹਾਂ ਲਈ 2,17,77,000/- ਰੁਪਏ ਦੀ ਰਾਸ਼ੀ ਲੋੜੀਂਦੀ ਹੈ। ਵਿੱਤ ਵਿਭਾਗ ਤੋਂ ਲੋੜੀਂਦੇ ਫੰਡਜ ਪ੍ਰਾਪਤ ਹੋਣ ਤੇ ਇਨ੍ਹਾਂ ਕੇਸਾਂ ਨੂੰ ਤੁਰੰਤ ਅਦਾਇਗੀ ਕਰ ਦਿੱਤੀ ਜਾਵੇਗੀ।


ਇੱਕ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵੱਲੋਂ ਪੰਜਾਬ ਵਿੱਚ ਤਿਆਰ ਕੀਤੇ ਗਏ ਫਾਊਂਡੇਸ਼ਨ ਤੇ ਸਰਟੀਫਾਇਡ ਬੀਜਾਂ ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ QR ਕੋਡ ਵਾਲੇ ਟੈਗ ਲਾਉਣ ਦੀ ਤਜਵੀਜ ਹੈ। ਪੰਜਾਬ ਵਿੱਚ ਸਾਉਣੀ 2023 ਤੋਂ ਬਾਅਦ ਪੈਦਾ ਹੋਣ ਵਾਲੇ ਸਾਰੇ ਫਾਊਂਡੇਸ਼ਨ ਤੇ ਸਰਟੀਫਾਇਡ ਬੀਜਾਂ ਤੇ 100% QR ਕੋਡ ਵਾਲੇ ਟੈਗ ਲੱਗੇ ਹੋਣ ਦੀ ਉਮੀਦ ਹੈ।


 


ਭਗਵੰਤ ਮਾਨ ਸਰਕਾਰ ਨੂੰ ਅੱਜ ਘੇਰੇਗੀ ਬੀਜੇਪੀ


ਬੀਜੇਪੀ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਲਾਇਆ ਜਾ ਰਿਹਾ ਹੈ। ਇਹ ਧਰਨਾ ਪੰਜਾਬ ਵਿੱਚ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲਾਇਆ ਜਾ ਰਿਹਾ ਹੈ। ਬੀਜੇਪੀ ਦਾ ਕਹਿਣਾ ਹੈ ਕਿ ਸੂਬੇ ਵਿੱਚ ਰੋਜ਼ਾਨਾ ਵਾਪਰ ਰਹੀਆਂ ਕਤਲ, ਫਿਰੌਤੀ, ਡਕੈਤੀਆਂ, ਥਾਣਿਆਂ ’ਤੇ ਕਬਜ਼ਿਆਂ ਦੀਆਂ ਘਟਨਾਵਾਂ ਕਾਰਨ ਪੰਜਾਬ ਦੇ ਲੋਕ ਡਰੇ ਹੋਏ ਹਨ। ਇਸ ਲਈ ਸਰਕਾਰ ਨੂੰ ਜਗਾਉਣ ਦੀ ਲੋੜ ਹੈ।


ਇਸ ਬਾਰੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਕਿਹਾ ਕਿ ਸੂਬੇ ਵਿੱਚ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਵਿਰੁੱਧ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ। ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੇ 11 ਮਹੀਨਿਆਂ ਦੇ ਰਾਜ ਦੌਰਾਨ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ ਤੇ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਸੁੱਤੀ ਪਈ ਹੈ।