ਬਲਾਤਕਾਰੀ ਬਾਬੇ ਦੀ ਸੱਜੀ ਬਾਂਹ 'ਹਨੀਪ੍ਰੀਤ' ਵਿਰੁੱਧ ਦੇਸ਼ਧ੍ਰੋਹ ਦਾ ਪਰਚਾ ਦਰਜ
ਏਬੀਪੀ ਸਾਂਝਾ | 01 Sep 2017 10:56 AM (IST)
ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੱਜੀ ਬਾਂਹ ਕਹੀ ਜਾਣ ਵਾਲੀ ਉਸ ਦੀ ਕਥਿਤ ਧੀ ਹਨੀਪ੍ਰੀਤ ਇੰਸਾ ਵਿਰੁੱਧ ਪੁਲਿਸ ਨੇ ਦੇਸ਼ ਧ੍ਰੋਹ ਦਾ ਮਾਮਾਲ ਦਰਜ ਕਰ ਲਿਆ ਹੈ। ਪੰਚਕੂਲਾ ਪੁਲਿਸ ਨੂੰ ਹਨੀਪ੍ਰੀਤ ਦਾ ਰੋਹਤਕ ਜੇਲ੍ਹ ਤਕ ਰਾਮ ਰਹੀਮ ਨਾਲ ਮੌਜੂਦ ਰਹਿਣਾ ਸ਼ੱਕੀ ਲੱਗ ਰਿਹਾ ਸੀ ਇਸ ਲਈ ਪੁਲਿਸ ਨੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗੁਰਮੀਤ ਰਾਮ ਰਹੀਮ ਦੀ ਸੀ.ਬੀ.ਆਈ. ਅਦਾਲਤ ਵਿੱਚੋਂ ਭੱਜਣ ਦੀ ਪਹਿਲਾਂ ਦੀ ਹੀ ਯੋਜਨਾ ਸੀ ਪਰ ਪੁਲਿਸ ਦੀ ਮੁਸਤੈਦੀ ਸਦਕਾ ਇਸ ਵਿੱਚ ਉਹ ਸਫਲ ਨਾ ਹੋ ਸਕਿਆ। ਪੁਲਿਸ ਨੇ ਡੇਰਾ ਮੁਖੀ ਦੇ ਸੁਰੱਖਿਆ ਗਾਰਡਾਂ 'ਤੇ ਵੀ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਹੀ ਗੁਰਮੀਤ ਰਾਮ ਰਹੀਮ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਹਰਿਆਣਾ ਪੁਲਿਸ ਨੇ ਬੀਤੇ ਕੱਲ੍ਹ ਡੇਰਾ ਮੁਖੀ ਦੇ ਰੱਖਿਆ ਗਾਰਡਾਂ ਵਜੋਂ ਤੈਨਾਤ ਆਪਣੇ 5 ਮੁਲਾਜ਼ਮਾ ਨੂੰ ਵੀ ਇਸੇ ਕਾਰਨ ਨੌਕਰੀ ਤੋਂ ਕੱਢ ਦਿੱਤਾ ਹੈ। ਪੁਲਿਸ ਵੱਲੋਂ ਕੀਤੀ ਮੁਢਲੀ ਪੜਤਾਲ ਵਿੱਚ ਇਹ ਸਾਮ੍ਹਣੇ ਆਇਆ ਹੈ ਕਿ ਹਨੀਪ੍ਰੀਤ ਵੀ ਡੇਰਾ ਮੁਖੀ ਦੀ ਅਦਾਲਤ ਵਿੱਚੋਂ ਭੱਜਣ ਵਾਲੀ ਯੋਜਨਾ ਦਾ ਹਿੱਸਾ ਹੈ। ਉਸ ਦਾ ਅਦਾਲਤ ਤੋਂ ਲੈ ਕੇ ਜੇਲ੍ਹ ਤਕ ਡੇਰਾ ਮੁਖੀ ਦੇ ਨਾਲ ਰਹਿਣਾ ਅਤੇ ਗੁਰਮੀਤ ਰਾਮ ਰਹੀਮ ਵੱਲੋਂ ਉਸ ਨੂੰ ਆਪਣੇ ਨਾਲ ਜੇਲ੍ਹ ਵਿੱਚ ਰੱਖਣ ਦੀ ਜ਼ਿਦ ਕਰਨਾ ਮਾਮਲੇ ਨੂੰ ਹੋਰ ਵੀ ਸ਼ੱਕੀ ਬਣਾ ਦਿੰਦੀਆਂ ਹਨ। ਅੱਜ ਪਹਿਲਾਂ ਹਨੀਪ੍ਰੀਤ ਦੀ ਭਾਲ ਲਈ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ ਪਰ ਫਿਰ ਉਸ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ ਹੈ।