ਹੁਸ਼ਿਆਰਪੁਰ: ਜੇ ਬੰਦਾ ਮਨ ਵਿੱਚ ਕੁਝ ਕਰਨ ਦਾ ਜਾਨੂੰਨ ਰੱਖਦਾ ਹੋਏ ਤਾਂ ਉਸ ਦੇ ਰਾਹ ਵਿੱਚ ਕੋਈ ਵੀ ਚੀਜ਼ ਅੜਿੱਕਾ ਨਹੀਂ ਡਾਹ ਸਕਦੀ ਭਾਵੇਂ ਉਹ ਉਮਰ ਹੀ ਕਿਉਂ ਨਾ ਹੋਏ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਦੇ ਪਿੰਡ ਦਿੱਤਾ ਨਿਵਾਸੀ ਸੋਹਨ ਸਿੰਘ ਗਿੱਲ ਨੇ ਇਹ ਸਾਬਤ ਕਰਕੇ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਸਿੱਖਿਆ ਹਾਸਲ ਕਰਨ ਲਈ ਉਮਰ ਮਾਇਨੇ ਨਹੀਂ ਰੱਖਦੀ, ਬਲਕਿ ਹਰ ਬੰਦਾ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ। ਸੋਹਨ ਸਿੰਘ ਨੇ 83 ਸਾਲ ਦੀ ਉਮਰ ਵਿੱਤ ਐਮਏ ਇੰਗਲਿਸ਼ ਦੀ ਡਿਗਰੀ ਹਾਸਲ ਕਰਕੇ ਆਪਣਾ 61 ਸਾਲ ਪਹਿਲਾਂ ਦਾ ਸੁਪਨਾ ਸਾਕਾਰ ਕਰ ਕੇ ਵਿਖਾਇਆ ਹੈ।
ਸੋਹਨ ਸਿੰਘ ਦਾ ਜਨਮ 15 ਅਗਸਤ, 1936 ਨੂੰ ਦੱਤਾ ਵਿੱਚ ਹੋਇਆ। ਪਿੰਡ ਪੰਡੋਰੀ ਗੰਗਾ ਤੋਂ ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਸ਼ੁਰੂ ਕੀਤੀ ਕੇ ਪਿੰਡ ਮਹਿਲਪੁਰ ਤੋਂ ਕੀਤੀ ਤੇ ਖ਼ਾਲਸਾ ਕਾਲਜ ਮਹਿਲਪੁਰ ਤੋਂ ਹੀ ਬੀਏ ਦੀ ਸਿੱਖਿਆ ਹਾਸਲ ਕੀਤੀ। ਇਸ ਪਿੱਛੋਂ ਉਹ ਬੀਟੀ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਚਲੇ ਗਏ। 1958 ਵਿੱਚ ਉਨ੍ਹਾਂ ਆਪਣੇ ਕਾਲਜ ਦੇ ਵਾਈਸ ਪ੍ਰਿੰਸੀਪਲ ਦੇ ਕਹਿਣ 'ਤੇ ਐਮਏ ਕਰਨ ਦਾ ਮਨ ਬਣਾਇਆ ਪਰ ਅਚਾਨਕ ਵਿਆਹ ਹੋ ਗਿਆ ਤੇ ਅਕਤੂਬਰ 1958 ਨੂੰ ਉਹ ਪਤਨੀ ਨਾਲ ਵਿਦੇਸ਼ (ਕੀਨੀਆ) ਚਲੇ ਗਏ।
ਕੀਨੀਆ ਵਿੱਚ ਸੋਹਨ ਸਿੰਘ ਨੇ 33 ਸਾਲ ਨੌਕਰੀ ਕੀਤੀ ਤੇ ਕਰੀਬ 60 ਸਾਲਾਂ ਬਾਅਦ ਭਾਰਤ ਆਏ ਪਰ ਵਾਈਸ ਪ੍ਰਿੰਸੀਪਲ ਦੀ ਗੱਲ ਅੱਜ ਵੀ ਮਨ ਵਿੱਚ ਘੁੰਮ ਰਹੀ ਸੀ। ਹੁਣ 2018 ਵਿੱਚ ਉਨ੍ਹਾਂ ਐਮਏ ਇੰਗਲਿਸ਼ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਕੱਲ੍ਹ ਉਨ੍ਹਾਂ ਨੂੰ ਲਵਲੀ ਯੂਨੀਵਰਸਿਟੀ ਤੋਂ ਡਿਗਰੀ ਸੌਪ ਦਿੱਤੀ ਗਈ।