ਸੰਗਰੂਰ: ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਪੰਜਾਬ ਵਿੱਚ ਡੇਂਗੂ  (Dengue)  ਇੱਕ ਵੱਡਾ ਖ਼ਤਰਾ ਬਣਿਆ ਹੋਇਆ ਹੈ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਡੇਂਗੂ ਦੇ ਮਾਮਲੇ (Cases of dengue) ਲਗਾਤਾਰ ਵਧਦੇ ਹੀ ਜਾ ਰਹੇ ਹਨ।ਇਸ ਦੇ ਨਾਲ ਹੀ ਡੇਂਗੂ ਕਾਰਨ ਮੌਤਾਂ ਵੀ ਹੋ ਰਹੀਆਂ ਹਨ।ਲੌਂਗੋਵਾਲ ਦੀ ਦੁੱਲਟ ਪੱਤੀ ਵਿੱਚ ਡੇਂਗੂ ਨੇ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਲੈ ਲਈ ਹੈ।


ਸਭ ਤੋਂ ਪਹਿਲਾਂ 15 ਅਕਤੂਬਰ ਨੂੰ ਡੇਂਗੂ ਕਾਰਨ ਬਜ਼ੁਰਗ ਪ੍ਰੇਮ ਸਿੰਘ ਦੀ ਮੌਤ ਹੋ ਗਈ ਸੀ, ਇਸ ਤੋਂ ਬਾਅਦ 16 ਅਕਤੂਬਰ ਨੂੰ ਮ੍ਰਿਤਕ ਪ੍ਰੇਮ ਸਿੰਘ ਦੇ 26 ਸਾਲ ਦੇ ਪੋਤਰੇ ਗੁਰਵਿੰਦਰ ਸਿੰਘ ਦੀ ਵੀ ਡੇਂਗੂ ਕਾਰਨ ਮੌਤ ਹੋ ਗਈ। ਪਰਿਵਾਰ ’ਤੇ ਕਹਿਰ ਇਥੇ ਹੀ ਨਹੀਂ ਰੁਕਿਆ, 22 ਅਕਤੂਬਰ ਨੂੰ ਪ੍ਰੇਮ ਸਿੰਘ ਦੇ ਪੁੱਤਰ ਦੀਦਾਰ ਸਿੰਘ ਦਾਰੀ ਦੀ ਵੀ ਮੌਤ ਹੋ ਗਈ।


ਡੇਂਗੂ ਕਾਰਨ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਕਾਰਨ ਇਲਾਕੇ ’ਚ ਸਹਿਮ ਦਾ ਮਾਹੌਲ ਹੈ।ਉਥੇ ਹੀ ਪਰਿਵਾਰ ਦੇ ਬਾਕੀ ਮੈਂਬਰਾਂ ਸਮੇਤ ਦੁੱਲਟ ਪੱਤੀ ਇਲਾਕੇ ਦੇ ਦਰਜਨਾਂ ਲੋਕ ਡੇਂਗੂ ਪੀੜਤ ਦੱਸ ਜਾ ਰਹੇ ਹਨ। ਇਹ ਭਾਣਾ ਵਾਪਰਨ ਤੋਂ ਬਾਅਦ ਐਸਡੀਐਮ (SDM) ਵੱਲੋਂ ਇਲਾਕੇ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਐਸਡੀਐਮ (SDM) ਦੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਪੂਰੇ ਇਲਾਕੇ ਦੇ ਟੈਸਟ ਕੀਤੇ ਜਾਣ ਤੇ ਇਲਾਕੇ ਵਿੱਚ ਸਾਫ਼-ਸਫ਼ਾਈ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਥੇ ਹੀ ਐਸਡੀਐਮ (SDM) ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਰੋਕਿਆ ਜਾ ਸਕੇ।


ਡੇਂਗੂ ਬੁਖਾਰ ਕੀ ਹੈ
ਡੇਂਗੂ ਇੱਕ ਮੱਛਰ ਵੱਲੋਂ ਫੈਲਣ ਵਾਲਾ ਵਾਇਰਲ ਇਨਫੈਕਸ਼ਨ ਹੈ ਜੋ ਪੂਰੀ ਦੁਨੀਆ ਵਿੱਚ ਟ੍ਰੋਪੀਕਲ ਅਤੇ ਸਬ-ਟ੍ਰੋਪੀਕਲ ਮੌਸਮ ਵਿੱਚ ਪਾਇਆ ਜਾ ਸਕਦਾ ਹੈ।
ਡੇਂਗੂ ਬੁਖਾਰ ਫਲੇਵੀਵਿਰੀਡੇ ਪਰਿਵਾਰ ਦੇ ਵਾਇਰਸ ਜਾਂ ਡੇਂਗੂ ਵਾਇਰਸ ਕਾਰਨ ਹੁੰਦਾ ਹੈ।


ਡੇਂਗੂ ਕਿਵੇਂ ਫੈਲਦਾ ਹੈ?
ਡੇਂਗੂ ਦੇ ਵਾਇਰਸ ਮੁੱਖ ਤੌਰ 'ਤੇ ਏਡੀਜ਼ ਏਜੀਪਟੀ ਅਤੇ ਏਡੀਜ਼ ਐਲਬੋਪਿਕਟਸ ਪ੍ਰਜਾਤੀਆਂ ਦੇ ਮਾਦਾ ਮੱਛਰਾਂ ਦੇ ਕੱਟਣ ਨਾਲ ਲੋਕਾਂ ਵਿੱਚ ਫੈਲਦੇ ਹਨ। ਉਹ ਘਰ ਦੇ ਆਲੇ ਦੁਆਲੇ ਇਕੱਠੇ ਹੋਏ ਪਾਣੀ ਵਿੱਚ ਪ੍ਰਜਨਨ ਕਰਦੇ ਹਨ।