ਚੰਡੀਗੜ੍ਹ: ਰਾਜਾਸਾਂਸੀ ਦੇ ਡੇਰਾ ਨਿਰੰਕਾਰੀ 'ਚ ਹੋਏ ਹਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਪਰ ਸਵਾਲ ਚੁੱਕੇ ਹਨ। ਰੰਧਾਵਾ ਨੇ ਕਿਹਾ ਹੈ ਕਿ ਆਖਰਕਾਰ ਬਾਦਲਾਂ ਨੂੰ ਕਿਵੇਂ ਪਤਾ ਸੀ ਕਿ ਪੰਜਾਬ ਵਿੱਚ ਇਹ ਮਾਹੌਲ ਬਣ ਰਿਹਾ ਹੈ।

ਰੰਧਾਵਾ ਨੇ ਕਿਹਾ ਹੈ ਕਿ ਇੰਟੈਲੀਜੈਂਸ ਨੂੰ ਬਾਦਲਾਂ ਦੇ ਨੈੱਟਵਰਕ ਦੀ ਵੀ ਤਫਤੀਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਰੰਧਾਵਾ ਨੇ ਅੰਮ੍ਰਿਤਸਰ ਵਿੱਚ ਹੋਏ ਗ੍ਰਨੇਡ ਹਮਲੇ ਨੂੰ ਪੰਜਾਬ ਪੁਲਿਸ ਦੀ ਨਾਕਾਮੀ ਮੰਨਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹ ਇਸ ਬਾਰੇ ਜ਼ਰੂਰ ਚਰਚਾ ਕਰਨਗੇ।

ਰੰਧਾਵਾ ਨੇ ਕਿਹਾ ਢਿੱਲ ਵਰਤਣ ਵਾਲਿਆਂ ਖਿਲਾਫ਼ ਕਾਰਵਾਈ ਬਾਰੇ ਵੀ ਮੁੱਖ ਮੰਤਰੀ ਨਾਲ ਜ਼ਰੂਰ ਚਰਚਾ ਹੋਵੇਗੀ। ਰੰਧਾਵਾ ਨੇ ਫੌਜ ਮੁਖੀ ਬਿਪਿਨ ਰਾਵਤ ਦੇ ਬਿਆਨ ਨੂੰ ਸਿਆਸੀ ਬਿਆਨ ਦਾ ਰੂਪ ਦਿੰਦੇ ਹੋਏ ਕਿਹਾ ਕੀ ਫੌਜ ਮੁਖੀ ਨੂੰ ਸਿਆਸਤਦਾਨਾਂ ਦੀ ਤਰ੍ਹਾਂ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਹ ਇੱਕ ਜ਼ਿੰਮੇਵਾਰ ਅਫਸਰ ਹਨ।