ਚੰਡੀਗੜ੍ਹ: ਜੇਲ੍ਹ ਜਾਣ ਤੋਂ ਬਾਅਦ ਬਲਾਤਕਾਰੀ ਬਾਬਾ ਰਾਮ ਰਹੀਮ ਦੇ ਕਾਲੇ ਕਾਰਨਾਮਿਆਂ ਦਾ ਸੱਚ ਸਾਹਮਣੇ ਆਉਣ ਲੱਗਾ ਹੈ। ਰਾਮ ਰਹੀਮ ਬਾਰੇ ਹਾਸਲ ਤੱਥ ਹੋਸ਼ ਉਡਾਉਣ ਵਾਲੇ ਹਨ। ਬੇਸ਼ੱਕ ਡੇਰਾ ਸਿਰਸਾ ਮੁਖੀਆਂ ਵਿੱਚੋਂ ਰਾਮ ਰਹੀਮ ਹੀ ਸਭ ਤੋਂ ਵੱਧ ਵਿਵਾਦਤ ਰਿਹਾ ਪਰ ਇਸ ਬਲਾਤਕਾਰੀ ਬਾਬੇ ਦੇ ਸਮੇਂ ਵਿੱਚ ਵੀ ਡੇਰੇ ਨੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ। ਰਾਮ ਰਹੀਮ ਦੇ ਗੱਦੀਨਸ਼ੀਨ ਹੋਣ ਮਗਰੋਂ ਹੀ ਡੇਰੇ ਦਾ ਸਾਮਰਾਜ ਖੜ੍ਹਾ ਹੋਇਆ।
ਹਾਸਲ ਜਾਣਕਾਰੀ ਮੁਤਾਬਕ ਡੇਰੇ ਦੀ ਸਥਾਪਨਾ 1948 ਵਿੱਚ ਹੋਈ ਸੀ। ਡੇਰੇ ਦੇ ਪਹਿਲੇ ਗੱਦੀਨਸ਼ੀਨ ਸ਼ਾਹ ਮਸਤਾਨਾ ਸਨ। ਉਨ੍ਹਾਂ ਮਗਰੋਂ ਗੱਦੀ ਸ਼ਾਹ ਸਤਨਾਮ ਸਿੰਘ ਨੂੰ ਸੌਂਪੀ ਗਈ। ਡੇਰੇ ਦੀ ਸਥਾਪਨਾ ਮੌਕੇ ਡੇਰੇ ਕੋਲ ਸਿਰਫ਼ ਪੰਜ ਕਿੱਲੇ ਜ਼ਮੀਨ ਸੀ, ਜੋ ਦੂਜੀ ਗੱਦੀ ਤੱਕ ਵਧ ਕੇ 25 ਕਿੱਲੇ ਤੱਕ ਪੁੱਜੀ। ਸਾਲ 1990 ਵਿੱਚ ਡੇਰੇ ਦੇ ਤੀਜੇ ਗੱਦੀਨਸ਼ੀਨ ਗੁਰਮੀਤ ਰਾਮ ਰਹੀਮ ਸਿੰਘ ਦੀ ਨਿਯੁਕਤੀ ਨਾਲ ਡੇਰੇ ਦਾ ਵਿਸ਼ਾਲ ਸਾਮਰਾਜ ਸਥਾਪਤ ਹੋਣਾ ਸ਼ੁਰੂ ਹੋ ਗਿਆ।
ਸੂਤਰਾਂ ਅਨੁਸਾਰ ਡੇਰੇ ਦੀ ਜਾਇਦਾਦ ਛੇ ਹਜ਼ਾਰ ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਹੈ। ਨਵਾਂ ਡੇਰਾ ਸੱਤ ਸੌ ਕਿੱਲੇ ਜ਼ਮੀਨ ਵਿੱਚ ਬਣਿਆ ਹੈ। ਇਸ ਵਿੱਚ ਐਮ.ਐਸ.ਜੀ. ਬਰਾਂਡ ਦੀਆਂ ਚੀਜ਼ਾਂ ਬਣਾਉਣ ਵਾਲੀਆਂ ਵੱਖ-ਵੱਖ ਫੈਕਟਰੀਆਂ ਤੋਂ ਇਲਾਵਾ ਡੇਰੇ ਦੇ ਸਕੂਲ ਤੇ ਕਾਲਜ ਵੀ ਹਨ। ‘ਸੱਚ’ ਮਾਰਕੀਟ ਦੀ ਸਥਾਪਨਾ ਤੋਂ ਇਲਾਵਾ ਕਈ ਰਿਹਾਇਸ਼ੀ ਕਾਲੋਨੀਆਂ ਵੀ ਬਣੀਆਂ ਹੋਈਆਂ ਹਨ।