ਅੰਮ੍ਰਿਤਸਰ: ਸਿੱਖ ਸੇਵਕ ਆਰਮੀ ਦੇ ਮੁਖੀ ਐਚਐਸ ਫੂਲਕਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਅੰਮ੍ਰਿਤਸਰ ਤੋਂ ਚੋਣ ਲੜਨ ਦੀਆਂ ਅਫਵਾਹਾਂ ਤੇ ਵਿਰ੍ਹਾਮ ਚਿੰਨ੍ਹ ਲਾ ਦਿੱਤਾ ਹੈ। ਇਸ ਦੇ ਨਾਲ ਹੀ ਫੂਲਕਾ ਨੇ ਦੱਸਿਆ ਕਿ ਉਹ ਚੋਣ ਕਮਿਸ਼ਨ ਨੂੰ ਉਸ ਦੀ ਜਾਣਕਾਰੀ ਦੇਣਗੇ ਤੇ ਕਾਰਵਾਈ ਵੀ ਕਰਵਾਉਣਗੇ। ਸ਼ਿਕਾਇਤਕਰਤਾ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ।


ਫੂਲਕਾ ਨੇ ਕਿਹਾ ਕਿ ਨਾ ਤਾਂ ਉਹ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਤੇ ਨਾ ਹੀ ਉਹ ਲੋਕ ਸਭ ਚੋਣ ਲੜ ਰਹੇ ਹਨ ਕਿਉਂਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲਾ ਸਮਾਂ ਇਨ੍ਹਾਂ ਕੇਸਾਂ ਦੀ ਪੈਰਵੀ ਲਈ ਬੜਾ ਅਹਿਮ ਹੈ। ਇਸ ਕਰਕੇ ਉਨ੍ਹਾਂ ਕੋਲ ਚੋਣ ਲੜਨ ਦਾ ਸਮਾਂ ਨਹੀਂ। ਇਸ ਦੌਰਾਨ ਫੂਲਕਾ ਨੇ ਇਹ ਵੀ ਦੱਸਿਆ ਕਿ ਆਪ ਤੇ ਕਾਂਗਰਸ ਦੇ ਗਠਜੋੜ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।

ਉਨ੍ਹਾਂ ਅਕਾਲੀ ਦਲ ਤੇ ਭਾਜਪਾ ਵੱਲੋਂ ਬਰਗਾੜੀ ਕਾਂਡ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਅਫ਼ਰਸਾਂ ਦੇ ਕੰਮਕਾਜ 'ਤੇ ਲੋਕ ਸਭ ਚੋਣਾਂ ਤਕ ਰੋਕ ਲਾਉਣ ਦੀ ਮੰਗ ਬਾਰੇ ਕਿਹਾ ਕਿ ਅਕਾਲੀ-ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੋਣ ਕਮਿਸ਼ਨ ਉਨ੍ਹਾਂ ਅਫਸਰਾਂ 'ਤੇ ਰੋਕ ਲਾਉਂਦਾ ਹੈ ਜਿਨ੍ਹਾਂ ਦੇ ਕੰਮਕਾਜ ਨਾਲ ਚੋਣ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੋਵੇ। ਅਕਾਲੀ ਇਸ ਕਰਕੇ ਰੌਲਾ ਪਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜਾਂਚ ਕਮਿਸ਼ਨ ਦੇ ਅਫ਼ਸਰ ਇਮਾਨਦਾਰੀ ਨਾਲ ਜਾਂਚ ਕਰ ਰਹੇ ਹਨ ਤੇ ਉਨ੍ਹਾਂ ਦਾ ਦੋਸ਼ੀ ਪਾਇਆ ਜਾਣਾ ਤੈਅ ਹੈ।

ਦਰਅਸਲ ਫੂਲਕਾ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਢਾਹੁਣ ਦੇ ਮਾਮਲੇ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਲਈ ਅੰਮ੍ਰਿਤਸਰ ਪੁੱਜੇ ਸਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਮੁਗ਼ਲ ਕਿਸੇ ਥਾਂ 'ਤੇ ਹਮਲਾ ਕਰਦੇ ਸੀ ਤਾਂ ਪਹਿਲਾਂ ਉਥੋਂ ਦੀਆਂ ਧਾਰਮਿਕ ਇਮਾਰਤਾਂ ਤਬਾਹ ਕਰਕੇ ਉਥੋਂ ਦੇ ਧਰਮ ਤੇ ਇਤਿਹਾਸ ਨੂੰ ਖ਼ਤਮ ਕਰਦੇ ਸੀ। ਅਫਸੋਸ ਹੈ ਕਿ ਅੱਜ ਸਾਡੇ ਆਪਣੇ ਹੀ ਇਹ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆਂ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਲਈ ਸਿੱਖ ਹੈਰੀਟੇਜ ਕਮਿਸ਼ਨ ਬਣਾਇਆ ਜਾ ਰਿਹਾ ਹੈ।