ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਸਲਾਹ ਨਾ ਮੰਨਣੀ ਮਹਿੰਗੀ ਪੈ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇ ਤਿਆਗ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਪਰਮਿੰਦਰ ਨੂੰ ਸਲਾਹ ਦਿੱਤੀ ਸੀ ਕਿ ਉਹ ਲੋਕ ਸਭਾ ਚੋਣ ਨਾ ਲੜੇ। ਹੁਣ ਬੇਸ਼ੱਕ ਵੱਡੇ ਢੀਂਡਸਾ ਨੇ ਪਰਮਿੰਦਰ ਨੂੰ ਅਸ਼ੀਰਵਾਦ ਦਿੱਤਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਪਰਮਿੰਦਰ ਲਈ ਚੋਣ ਪ੍ਰਚਾਰ ਨਹੀਂ ਕਰਨਗੇ।
ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਖਿਲਾਫ ਤੇਵਰਾਂ ਤੋਂ ਵੋਟਰਾਂ ਵਿੱਚ ਸੰਕੇਤ ਜਾ ਰਿਹਾ ਹੈ ਕਿ ਪਰਮਿੰਦਰ ਢੀਂਡਸਾ ਨੇ ਪਿਤਾ ਤੋਂ ਬਾਹਰ ਹੋ ਕੇ ਸੁਖਬੀਰ ਬਾਦਲ ਦਾ ਹੁਕਮ ਮੰਨਿਆ ਹੈ। ਢੀਂਡਸਾ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ 'ਤੇ ਬਾਦਲ ਪਰਿਵਾਰ ਦੇ ਕਬਜ਼ੇ ਖਿਲਾਫ ਬੋਲ ਚੁੱਕੇ ਹਨ। ਉਨ੍ਹਾਂ ਨੇ ਕਈ ਮੰਚਾਂ ਤੋਂ ਅਕਾਲੀ ਦਲ ਤੇ ਪੰਥਕ ਸੰਕਟ ਲਈ ਵੀ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਅਜਿਹੇ ਵਿੱਚ ਪੰਥਕ ਵੋਟਰਾਂ ਅੰਦਰ ਸੁਖਦੇਵ ਸਿੰਘ ਢੀਂਡਸਾ ਦਾ ਸਤਿਕਾਰ ਵਧਿਆ ਹੈ ਪਰ ਹੁਣ ਦੂਜੇ ਪਾਸੇ ਪਿਤਾ ਦੀ ਸਲਾਹ ਨਾ ਮੰਨ ਕੇ ਮੈਦਾਨ ਵਿੱਚ ਡਟੇ ਪਰਮਿੰਦਰ ਢੀਂਡਸਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਪਿੰਡਾਂ ਦੇ ਵੋਟਰਾਂ ਵਿੱਚ ਚਰਚਾ ਹੈ ਕਿ ਪਿਤਾ ਵੱਲੋਂ ਲੋਕ ਸਭਾ ਚੋਣ ਨਾ ਲੜਨ ਦੀ ਦਿੱਤੀ ਸਲਾਹ ਨਾਲੋਂ ਪਰਮਿੰਦਰ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਫੈਸਲੇ ਨੂੰ ਤਰਜੀਹ ਦਿੱਤੀ ਹੈ। ਵਿਰੋਧੀ ਧਿਰਾਂ ਵੀ ਜ਼ੋਰਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਹਨ ਕਿ ਬਾਦਲਾਂ ਨੇ ਢੀਂਡਸਾ ਪਰਿਵਾਰ ਵਿੱਚ ਪਾੜਾ ਪਾ ਦਿੱਤਾ ਹੈ। ਬੇਸ਼ੱਕ ਸੁਖਦੇਵ ਸਿੰਘ ਢੀਂਡਸਾ ਸਪਸ਼ਟ ਕਰ ਚੁੱਕੇ ਹਨ ਕਿ ਚੋਣ ਲੜਨ ਜਾਂ ਨਾ ਲੜਨ ਦਾ ਉਨ੍ਹਾਂ ਦੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਾਏਗਾ ਪਰ ਲੋਕਾਂ ਵਿੱਚ ਪਿਓ-ਪੁੱਤ 'ਚ ਤਰੇੜਾਂ ਦੀ ਚਰਚਾ ਹੈ। ਇਸ ਕਰਕੇ ਵੋਟਰ ਵੀ ਪਰਮਿੰਦਰ ਢੀਂਡਸਾ ਤੋਂ ਦੂਰੀ ਬਣਾ ਸਕਦੇ ਹਨ।
ਯਾਦ ਰਹੇ ਢੀਂਡਸਾ ਪਰਿਵਾਰ ਦੇ ਹੁਣ ਤੱਕ ਦੇ ਸਿਆਸੀ ਸਫ਼ਰ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਸ੍ਰੋਮਣੀ ਅਕਾਲੀ ਦਲ ਵਿੱਚ ਹੋਣ ਦੇ ਬਾਵਜੂਦ ਪਿਤਾ-ਪੁੱਤਰ ਦੇ ਸਿਆਸੀ ਫੈਸਲਿਆਂ ਵਿੱਚ ਵਖਰੇਵੇਂ ਖੜ੍ਹੇ ਹੋਏ ਹਨ। ਦਿਲਚਸਪ ਹੈ ਕਿ ਪਿਤਾ ਦੀ ਸਲਾਹ ਨੂੰ ਥੋੜ੍ਹਾ ਗੰਭੀਰਤਾ ਨਾਲ ਲੈਂਦਿਆਂ ਭਾਵੇਂ ਪਰਮਿੰਦਰ ਢੀਂਡਸਾ ਵੱਲੋਂ ਪਹਿਲਾਂ ਚੋਣ ਲੜਨ ਤੋਂ ਨਾਂਹ-ਨੁੱਕਰ ਵੀ ਕੀਤੀ ਪਰ ਬਾਅਦ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਕਹਿਣ 'ਤੇ ਉਹ ਚੋਣ ਲੜਨ ਲਈ ਤਿਆਰ ਹੋ ਗਏ।
ਦਰਅਸਲ ਢੀਂਡਸਾ ਦੀ ਬਗਾਵਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਰੀ ਬਣ ਗਈ ਸੀ ਕਿ ਇੱਥੋਂ ਪਰਮਿੰਦਰ ਨੂੰ ਹੀ ਉਮੀਦਵਾਰ ਬਣਾਇਆ ਜਾਵੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ ਮੀਟਿੰਗਾਂ ਕਰਕੇ ਵਰਕਰਾਂ ਦੀ ਨਬਜ਼ ਟੋਹੀ ਸੀ। ਕੁਝ ਦਿਨ ਪਹਿਲਾਂ ਹੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੱਲੋਂ ਵੀ ਸੰਗਰੂਰ ’ਚ ਯੂਥ ਰੈਲੀ ਦੌਰਾਨ ਬੋਲਦਿਆਂ ਪਾਰਟੀ ਵਰਕਰਾਂ ਤੋਂ ਪੁੱਛਿਆ ਸੀ ਕਿ ਲੋਕ ਸਭਾ ਚੋਣ ਲਈ ਤੁਹਾਨੂੰ ‘ਵੱਡੇ ਢੀਂਡਸਾ ਸਾਹਿਬ ਜਾਂ ਛੋਟੇ ਢੀਂਡਸਾ ਸਾਹਿਬ’ ਵਿੱਚੋਂ ਕਿਹੜਾ ਉਮੀਦਵਾਰ ਚਾਹੀਦਾ ਹੈ ਪਰ ਨੌਜਵਾਨ ਵਰਕਰਾਂ ਵੱਲੋਂ ਹੱਥ ਖੜ੍ਹੇ ਕਰਕੇ ਪਰਮਿੰਦਰ ਢੀਂਡਸਾ ਦੇ ਹੱਕ ਵਿੱਚ ਨਾਅਰਾ ਮਾਰਿਆ ਗਿਆ ਸੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਬਾਦਲ ਵੱਲੋਂ ਸੰਗਰੂਰ ਹਲਕੇ ਦੀ ਅਕਾਲੀ ਸਿਆਸਤ ਨੂੰ ਭਾਂਪ ਲਿਆ ਸੀ ਕਿ ਹੁਣ ਪਰਮਿੰਦਰ ਢੀਂਡਸਾ ਦੀ ਉਮੀਦਵਾਰੀ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵੋਟਰਾਂ ਵਿੱਚ ਸੰਕੇਤ ਗਿਆ ਹੈ ਕਿ ਪਰਮਿੰਦਰ ਨੇ ਪਿਤਾ ਨਾਲ ਬਗਾਵਤ ਕਰਕੇ ਸੁਖਬੀਰ ਬਾਦਲ ਦੀ ਗੱਲ ਮੰਨੀ ਹੈ। ਇਸ ਲਈ ਵੋਟਰਾਂ ਦੀ ਹਮਦਰਦੀ ਸੁਖਦੇਵ ਸਿੰਘ ਢੀਂਡਸਾ ਨਾਲ ਹੋਰ ਵਧੀ ਤੇ ਪਰਮਿੰਦਰ ਨਾਲ ਨਾਰਾਜ਼ਗੀ। ਸੁਖਦੇਵ ਸਿੰਘ ਢੀਂਡਸਾ ਵੱਲੋਂ ਚੋਣ ਪ੍ਰਚਾਰ ਤੋਂ ਪਿੱਛੇ ਹਟਣ ਕਰਕੇ ਉਨ੍ਹਾਂ ਦੀ ਹਮਦਰਦ ਵੋਟ ਵੀ ਅਕਾਲੀ ਦਲ ਨੂੰ ਨਹੀਂ ਪਏਗੀ।
ਪਰਮਿੰਦਰ ਢੀਂਡਸਾ ਨੂੰ ਮਹਿੰਗੀ ਪਏਗੀ ਬਾਪੂ ਦੀ 'ਹੁਕਮ ਅਦੂਲੀ'!
ਏਬੀਪੀ ਸਾਂਝਾ
Updated at:
06 Apr 2019 04:57 PM (IST)
ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਸਲਾਹ ਨਾ ਮੰਨਣੀ ਮਹਿੰਗੀ ਪੈ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇ ਤਿਆਗ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਪਰਮਿੰਦਰ ਨੂੰ ਸਲਾਹ ਦਿੱਤੀ ਸੀ ਕਿ ਉਹ ਲੋਕ ਸਭਾ ਚੋਣ ਨਾ ਲੜੇ। ਹੁਣ ਬੇਸ਼ੱਕ ਵੱਡੇ ਢੀਂਡਸਾ ਨੇ ਪਰਮਿੰਦਰ ਨੂੰ ਅਸ਼ੀਰਵਾਦ ਦਿੱਤਾ ਹੈ ਪਰ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਚੋਣ ਪ੍ਰਚਾਰ ਨਹੀਂ ਕਰਨਗੇ।
- - - - - - - - - Advertisement - - - - - - - - -