ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਕਬਜ਼ਾ ਤੋੜਨ ਲਈ ਵਿਰੋਧੀ ਇੱਕਜੁਟ ਹੋਣ ਲੱਗੇ ਹਨ। ਇਸ ਦੀ ਸ਼ੁਰੂਆਤ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਮਤਾ ਪਾਸ ਹੋਣ ਨਾਲ ਹੋ ਗਈ। ਸ਼੍ਰੋਮਣੀ ਅਕਾਲੀ ਦਲ ਇਸ ਮਤੇ ਤੋਂ ਕਾਫੀ ਔਖਾ ਨਜ਼ਰ ਆ ਰਿਹਾ ਹੈ।
ਸੂਤਰਾਂ ਮੁਤਾਬਕ ਵਿਧਾਇਕ ਐਚਐਸ ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਹੱਥ ਮਿਲਾਉਂਦਿਆਂ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਖਤਮ ਕਰਨ ਦਾ ਅਹਿਦ ਲਿਆ ਹੈ। ਪਤਾ ਲੱਗਾ ਹੈ ਕਿ ਬੁੱਧਵਾਰ ਦੀ ਸ਼ਾਮ ਨੂੰ ਐਡਵੋਕੇਟ ਐਚਐਸ ਫੂਲਕਾ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਚੰਡੀਗੜ੍ਹ ਸਥਿਤ ਬ੍ਰਹਮਪੁਰਾ ਦੇ ਨਿਵਾਸ ਸਥਾਨ ’ਤੇ ਮੀਟਿੰਗ ਕੀਤੀ।
ਸੂਤਰਾਂ ਮੁਤਾਬਕ ਇਹ ਮੀਟਿੰਗ ਕਰੀਬ ਦੋ ਘੰਟਿਆਂ ਤੱਕ ਚੱਲੀ ਜਿਸ ਵਿੱਚ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੇ ਪੰਜਾਬ ‘ਚੋਂ ਬਾਹਰ ਕੱਢਣ ਦੀ ਰਣਨੀਤੀ ਉਲੀਕੀ ਗਈ। ਇਸ ਮੀਟਿੰਗ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਕਰਨੈਲ ਸਿੰਘ ਪੀਰ ਮੁਹੰਮਦ ਵੀ ਹਾਜ਼ਰ ਸਨ। ਬ੍ਰਹਮਪੁਰਾ ਨੇ ਕਿਹਾ ਕਿ ਹਰ ਸੰਭਵ ਸਹਿਯੋਗ ਤੇ ਮਦਦ ਐਡਵੋਕੇਟ ਐਚਐਸ ਫੂਲਕਾ ਤੇ ਹੋਰ ਪੰਥਕ ਜਥੇਬੰਦੀਆਂ ਨੂੰ ਕੀਤੀ ਜਾਵੇਗੀ ਜੋ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੇ ਪੰਜਾਬ ‘ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦੇ ਹਨ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਮਤਾ ਪਾਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲੇ ਹੋਏ ਹਨ। ਉਂਝ ਅਕਾਲੀ ਦਲ ਦੇ ਇਸ ਦਾਅਵੇ ਵਿੱਚ ਤੱਥ ਜ਼ਰੂਰ ਹਨ। ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਤੋੜਨ ਲਈ ਇਹ ਸਾਰੀਆਂ ਧਿਰਾਂ ਇੱਕਜੁੱਟ ਹੋ ਸਕਦੀਆਂ ਹਨ।