ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਸ਼ਾਮ ਹੋਏ ਦਹਿਸ਼ਤੀ ਹਮਲੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਜਿੱਥੇ ਕੈਪਟਨ ਦੇ ਮੰਤਰੀ ਨਵਜੋਤ ਸਿੱਧੂ ਗੱਲਬਾਤ ਰਾਹੀਂ ਇਸ ਮਸਲੇ ਦਾ ਪੱਕਾ ਹੱਲ ਲੱਭਣ ਦੀ ਸਲਾਹ ਦੇ ਰਹੇ ਹਨ, ਉੱਥੇ ਮੁੱਖ ਮੰਤਰੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਾਵੇ।


ਸਬੰਧਤ ਖ਼ਬਰ- ਪੁਲਵਾਮਾ ਹਮਲੇ ਬਾਰੇ ਨਵਜੋਤ ਸਿੱਧੂ ਨੇ ਦਿੱਤੀ ਇਹ ਸਲਾਹ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਮੁਲਤਵੀ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਜੇਕਰ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਇੱਧਰ ਅੱਖ ਕਰੇਗਾ ਤਾਂ ਉਸ ਨੂੰ ਸਬਕ ਸਿਖਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣਾ ਆਉਂਦਾ ਹੈ।

ਕੈਪਟਨ ਨੇ ਕਿਹਾ ਕਿ ਪਾਕਿ ਫ਼ੌਜ ਮੁਖੀ ਬਾਜਵਾ ਸਮਝ ਲਵੇ ਕਿ ਅਸੀਂ ਪੰਜਾਬੀ ਹਾਂ। ਉਨ੍ਹਾਂ ਪਾਕਿ ਦੇ ਪ੍ਰਧਾਨ ਮੰਤਰੀ ਨੂੰ ਵੀ ਲਪੇਟੇ ਵਿੱਚ ਲੈਂਦਿਆਂ ਕਿਹਾ ਕਿ ਪੀਐਮ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰ ਰਹੇ ਹਨ ਅਤੇ ਪਾਕਿ ਫ਼ੌਜ ਦੀਆਂ ਕਰਤੂਤਾਂ ਕੁਝ ਹੋਰ ਹਨ। ਕੈਪਟਨ ਨੇ ਆਸਵੰਦ ਹੁੰਦਿਆਂ ਕਿਹਾ ਕਿ ਇਸ ਘਟਨਾ ਕਾਰਨ ਲਾਂਘੇ 'ਤੇ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਲਾਂਘਾ ਸਿੱਖਾਂ ਦੀ ਪੁਰਾਣੀ ਮੰਗ ਹੈ।

ਇਹ ਵੀ ਪੜ੍ਹੋ- ਪੁਲਵਾਮਾ 'ਚ #CRPF 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਸਪੂਤ

ਮੁੱਖ ਮੰਤਰੀ ਨੇ ਕਿਹਾ ਕਿ ਇਸ ਹਮਲੇ ਵਿੱਚ ਪੰਜਾਬ ਦੇ ਜਵਾਨ ਵੀ ਸ਼ਹੀਦ ਹੋਏ ਹਨ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸ਼ਹੀਦਾਂ ਨੂੰ ਮੁਆਵਜ਼ੇ ਸਬੰਧੀ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਇਸ ਸਮੇਂ ਮੁਆਵਜ਼ਾ ਛੋਟੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬਾਰੇ ਬਣਦੇ ਕਦਮ ਜ਼ਰੂਰ ਚੁੱਕੇਗੀ। ਮੁੱਖ ਮੰਤਰੀ ਨੇ ਪੰਜਾਬ ਵਿੱਚ ਹੋਈਆਂ ਤੇ ਭਵਿੱਖ ਦੀਆਂ ਗੜਬੜੀਆਂ ਦਾ ਠੀਕਰਾ ਵੀ ਪਾਕਿਸਤਾਨ ਸਿਰ ਭੰਨ੍ਹਦਿਆਂ ਕਿਹਾ ਕਿ ਰੈਫਰੈਂਡਮ 2020 ਵੀ ਪਾਕਿ ਖ਼ੁਫ਼ੀਆ ਏਜੰਸੀ ISI ਦੇ ਇਸ਼ਾਰੇ 'ਤੇ ਹੋ ਰਿਹਾ ਹੈ।