ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਹੋਟਲ ਤੇ ਰੈਸਤਰਾਂ ਵਿੱਚ ਚੋਰੀ ਛੁਪੇ ਹੁੱਕਾ ਬਾਰ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹੁਣ ਜੇਕਰ ਕੋਈ ਵੀ ਆਪਣੇ ਹੋਟਲ ਜਾਂ ਰੈਸਤਰਾਂ ਵਿੱਚ ਹੁੱਕਾ ਬਾਰ ਚਲਾਉਂਦਾ ਪਾਇਆ ਜਾਵੇਗਾ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਚੱਲ ਰਹੀ ਹੁੱਕਾ ਬਾਰ ਤੋਂ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸੀਆਰਪੀਸੀ 1973 ਦੀ ਧਾਰਾ 144 ਤਹਿਤ ਅਧਿਕਾਰਾਂ ਦਾ ਇਸਤੇਮਾਲ ਕਰਦਿਆਂ ਸ਼ਹਿਰ ਦੇ ਹੁੱਕਾ ਬਾਰਾਂ 'ਤੇ ਮੁਕੰਮਲ ਪਾਬੰਧੀ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁੱਕਾ ਬਾਰ ਚਲਾਉਣ ਵਾਲੇ ਵੱਖ-ਵੱਖ ਫਲੇਵਰ ਦਾ ਨਿਕੋਟੀਨ ਇਸਤਮਾਲ ਕਰਕੇ ਨੌਜਵਾਨਾਂ ਨੂੰ ਇੱਕ ਬੁਰੀ ਆਦਤ ਪਾ ਰਹੇ ਹਨ। ਇਸ ਦਾ ਸੇਵਨ ਕਾਰਨ ਵਾਲੇ ਨੌਜਵਾਨ ਤੰਬਾਕੂ ਦੇ ਆਦੀ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਸਿਹਤ 'ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਹੁੱਕਾ ਬਾਰਾਂ ਵਿੱਚ ਜਾਣ ਵਾਲੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਇੱਕ ਵਾਰ ਹੁੱਕਾ ਪਿੰਨ ਨਾਲ ਇਸ ਦੇ ਆਦਿ ਹੋ ਜਾਂਦੇ ਹਨ ਤੇ ਨਸ਼ੇ ਦੀ ਦਲਦਲ ਵਿੱਚ ਫਸ ਜਾਂਦੇ ਹਨ। ਉਨ੍ਹਾਂ ਇਹ ਵੀ ਹੁਕਮ ਜਾਰੀ ਕੀਤੇ ਕਿ ਵਿਦਿਅਕ ਅਦਾਰਿਆਂ ਦੇ ਨੇੜੇ 100 ਵਰਗ ਗਜ ਅੰਦਰ ਆਉਂਦੇ ਸਾਰੇ ਤੰਬਾਕੂ ਦੇ ਖੋਖਿਆਂ ਨੂੰ ਵੀ ਜਲਦ ਹਟਾਇਆ ਜਾਵੇ।