ਤਰਨ ਤਾਰਨ: ਪੰਜਾਬ ਦੀਆਂ ਮੁਟਿਆਰਾਂ ਨੂੰ ਦੁਬਈ ਵਿੱਚ ਨੌਕਰੀ ਤੇ ਸੁਨਹਿਰੀ ਭਵਿੱਖ ਦਾ ਲਾਲਚ ਦੇ ਕੇ ਉੱਥੋਂ ਦੇ ਸ਼ੇਖਾਂ ਕੋਲ ਵੇਚਿਆ ਜਾ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਦੁਬਈ ਦੇ ਸ਼ੇਖਾਂ ਦੇ ਚੁੰਗਲ ਵਿੱਚੋਂ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਘਰ ਪੁੱਜੀਆਂ ਜ਼ਿਲ੍ਹਾ ਤਰਨ ਤਾਰਨ ਦੀਆਂ ਤਿੰਨ ਕੁੜੀਆਂ ਨੇ ਕੀਤਾ।
ਕੁੜੀਆਂ ਨੇ ਦੱਸਿਆ ਕਿ ਪਿੰਡ ਪੰਡੋਰੀ ਗੋਲਾ ਦੀ ਇੱਕ ਮਹਿਲਾ ਏਜੰਟ ਨੇ ਉਨ੍ਹਾਂ ਨੂੰ ਦੁਬਈ ਵਿੱਚ ਕਿਸੇ ਪੰਜਾਬੀ ਪਰਿਵਾਰ ਦੇ ਘਰ ਬੱਚੇ ਦੀ ਦੇਖਭਾਲ ਕਰਨ ਬਦਲੇ ਚੰਗੀ ਤਨਖਾਹ ਦਿਵਾਉਣ ਦੇ ਲਾਲਚ ਵਿੱਚ ਉਸ ਨੂੰ ਤੇ ਉਸ ਦੀਆਂ ਸਹੇਲੀਆਂ ਨੂੰ ਦੁਬਈ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਦੁਬਈ ਹਵਾਈ ਅੱਡੇ 'ਤੇ ਪਹੁੰਚਦਿਆਂ ਹੀ ਉਨ੍ਹਾਂ ਦੇ ਪਾਸਪੋਰਟ ਤੇ ਮੋਬਾਈਲ ਫੋਨ ਖੋਹ ਲਏ ਗਏ। ਪਹਿਲਾਂ ਦੋ ਦਿਨਾਂ ਤਕ ਉਨ੍ਹਾਂ ਨੂੰ ਬੰਦ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਤੇ ਫਿਰ ਵੱਖ-ਵੱਖ ਸ਼ੇਖਾਂ ਦੇ ਘਰ ਭੇਜ ਦਿੱਤਾ ਗਿਆ।
ਸ਼ੇਖਾਂ ਨੇ ਕੁੜੀਆਂ ਅੱਗੇ ਸ਼ਰਤ ਰੱਖੀ ਕਿ ਜਾਂ ਤਾਂ ਉਹ ਡਾਂਸ ਬਾਰ ਵਿੱਚ ਜਾ ਕੇ ਕੰਮ ਕਰਨ ਤੇ ਜਾਂ ਫਿਰ ਉਨ੍ਹਾਂ ਦੇ ਘਰ ਦਾ ਕੰਮ ਕਰਨ। ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਬਾਰ ਗਰਲ ਦਾ ਕੰਮ ਨਾ ਮਨਜ਼ੂਰ ਕਰਕੇ ਘਰ ਦੇ ਕੰਮ ਦੀ ਸ਼ਰਤ ਮੰਨ ਲਈ। ਘਰ ਵਿੱਚ ਵੀ ਉਨ੍ਹਾਂ ਨਾਲ ਬਹੁਤ ਮੰਦਾ ਸਲੂਕ ਕੀਤਾ ਗਿਆ। ਜਦੋਂ ਕੁੜੀਆਂ ਨੇ ਆਪਣੇ ਘਰ ਜਾਣ ਲਈ ਕਿਹਾ ਤਾਂ ਸ਼ੇਖਾਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ।
ਇਸੇ ਦੌਰਾਨ ਕੁੜੀਆਂ ਨੇ ਕਿਸੇ ਤਰੀਕੇ ਆਪਣੇ ਘਰਦਿਆਂ ਨਾਲ ਸਾਰੀ ਗੱਲ ਸਾਂਝੀ ਕੀਤੀ ਜਿਸ ਤੋਂ ਬਾਅਦ ਕਿਸੇ ਸਿਆਸੀ ਲੀਡਰ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਇਸ ਮਸਲੇ ਬਾਰੇ ਗੱਲ ਛੇੜੀ। ਇਸ ਪਿੱਛੋਂ ਸੁਸ਼ਮਾ ਸਵਰਾਜ ਨੇ ਦੁਬਈ ਦੇ ਹਮਰੁਤਬਾ ਮੰਤਰੀ ਤੇ ਪੰਜਾਬ ਸਰਕਾਰ ਨਾਲ ਗੱਲਬਾਤ ਚਲਾ ਕੇ ਕਾਰਵਾਈ ਕੀਤੀ ਤੇ ਤਿੰਨਾਂ ਕੁੜੀਆਂ ਨੂੰ ਸਹੀ ਸਲਾਮਤ ਆਪਣੇ ਘਰ ਵਾਪਸ ਲਿਆਉਣ ਵਿੱਚ ਮਦਦ ਕੀਤੀ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਡੀਐਸਪੀ ਪਿਆਰਾ ਸਿੰਘ ਨੇ ਦੱਸਿਆ ਕਿ ਕੁੜੀਆਂ ਨੂੰ ਦੁਬਈ ਭੇਜਣ ਵਾਲੀ ਮਹਿਲਾ ਏਜੰਟ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।