ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਅਤੇ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਚੁੱਕੇ ਗਏ ਕਦਮਾਂ ਤਹਿਤ ਅੱਜ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੇ ਨਿਰਦੇਸ਼ਾਂ ਉਤੇ ਕਾਰਵਾਈ ਕੀਤੀ ਗਈ। ਇਸ ਦੌਰਾਨ ਰਾਜਪਾਲ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਜਲੰਧਰ ਜ਼ੋਨ ਤੇ ਹਨੂਮੰਤ ਸਿੰਘ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹਿਆ ਦੇ ਸ਼ਰਾਬ ਦੇ ਠੇਕਿਆਂ ਦੀ ਜਾਂਚ ਕੀਤੀ।



ਇਸ ਜਾਂਚ ਵਿਚ ਸ਼ਰਾਬ ਦੇ ਲਾਇਸੰਸੀਆਂ ਵੱਲੋਂ  ਅਣਅਧਿਕਾਰਤ ਸ਼ਰਾਬ ਵੇਚਣ, ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ, ਬਿਨਾਂ ਪਾਸ ਪਰਮਿਟ ਪੇਟੀਆਂ ਵੇਚਣ ਤੇ ਬਿਨਾਂ ਹੋਲੋਗ੍ਰਾਮ ਦੇ ਵਿਦੇਸ਼ੀ ਸ਼ਰਾਬ ਰੱਖਣ ਵਾਲਿਆਂ ਨੂੰ ਵਿਸ਼ੇਸ਼ ਤੌਰ ਉਤੇ ਚੈੱਕ ਕੀਤਾ ਗਿਆ। ਇਸ ਜਾਂਚ ਦੌਰਾਨ ਗਰੁੱਪ ਨਿਊ ਅੰਮ੍ਰਿਤਸਰ ਦੀ ਫਰਮ  ਮੈਸ. ਦਲਬੀਰ ਸਿੰਘ ਪੰਨੂੰ ਦੇ ਠੇਕਿਆਂ ਤੋਂ ਅਣਅਧਿਕਾਰਤ ਤੌਰ ਉਤੇ ਰੱਖੀਆਂ ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਦੀਆਂ 70 ਪੇਟੀਆਂ ਬਰਾਮਦ ਕੀਤੀਆਂ।


ਜਿਸਦਾ ਲਾਇਸੈਂਸੀ ਵੱਲੋਂ ਰਜਿਸਟਰ ਵਿਚ ਕੋਈ ਵੀ ਇੰਦਰਾਜ ਦਰਜ ਨਹੀਂ ਕੀਤਾ ਗਿਆ। ਦੂਸਰੀ ਟੀਮ ਵੱਲੋਂ ਗਰੁੱਪ ਤਰਨਤਾਰਨ ਰੋਡ ਦੀ ਫਰਮ ਮੈਸ. ਅਮਰੀਕ ਸਿੰਘ ਬਾਜਵਾ ਦੇ ਠੇਕਿਆਂ ਤੋਂ 25 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ, ਜੋ ਬਿਨਾਂ ਹੋਲੋਗ੍ਰਾਮ ਦੇ ਸੀ ਅਤੇ ਰਜਿਸਟਰ ਵਿਚ ਵੀ ਕੋਈ ਇੰਦਰਾਜ ਨਹੀਂ ਸੀ। ਤੀਸਰੀ ਟੀਮ ਵੱਲੋਂ ਹਯਾਤ ਹਟੋਲ ਦੇ ਬਿਲਕੁੱਲ ਨਾਲ ਲੱਗਦੀ ਜਗਾ ਉਤੇ ਰੇਡ ਕਰਕੇ 128 ਬੋਤਲਾਂ ਅੰਗਰੇਜ਼ੀ ਸ਼ਰਾਬ ਤੇ 108 ਬੋਤਲਾਂ ਬੀਅਰ ਦਾ ਸਟਾਕ ਬਰਾਮਦ ਕੀਤਾ ਗਿਆ।

ਇਹ ਜਗ੍ਹਾ ਮੈਸ. ਦਲਬੀਰ ਸਿੰਘ ਪੰਨੂੰ ਵੱਲੋਂ ਬਤੌਰ ਨਿੱਜੀ ਦਫਤਰ ਵਰਤੀ ਜਾ ਰਹੀ ਸੀ, ਜਿੱਥੇ ਠੇਕੇਦਾਰ ਵੱਲੋਂ ਬਿਨਾਂ ਪਾਸ ਪਰਮਿਟ ਦੇ ਅਣਅਧਿਕਾਰਤ ਸ਼ਰਾਬ ਰੱਖੀ ਹੋਈ ਸੀ। ਟੀਮਾਂ ਨੇ ਉਕਤ ਸ਼ਰਾਬ ਜ਼ਬਤ ਕਰਕੇ ਸਬੰਧਤ ਵਿਅਕਤੀਆਂ ਤੇ ਫਰਮਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਿਭਾਗ ਦੇ ਅਧਿਕਾਰੀ ਹਨੂੰਮੰਤ ਸਿੰਘ ਨੇ ਦੱਸਿਆ ਕਿ ਸਾਡੀਆਂ ਟੀਮਾਂ ਵੱਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਦਰਿਆ ਬਿਆਸ ਤੇ ਰਾਵੀ ਦੇ ਨਾਲ ਲੱਗਦੇ ਇਲਾਕੇ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇੰਨਾਂ ਇਲਾਕਿਆਂ ਵਿਚੋਂ ਹਜ਼ਾਰਾਂ ਲੀਟਰ ਲਾਹਣ ਨਸ਼ਟ ਕੀਤੀ ਜਾ ਚੁੱਕੀ ਹੈ।

ਉਨਾਂ ਕਿਹਾ ਕਿ ਆਉਂਦੇ ਦਿਨਾਂ ਤੱਕ ਹੋਰ ਲਾਇਸੈਂਸੀਆਂ ਦੀ ਵੀ ਜਾਂਚ ਟੀਮਾਂ ਵੱਲੋਂ ਕੀਤੀ ਜਾਵੇਗੀ ਅਤੇ ਇਹ ਛਾਪੇ ਅਚਨਚੇਤ ਮਾਰੇ ਜਾਣਗੇ। ਉਨਾਂ ਦੱਸਿਆ ਕਿ ਅੱਜ ਦੀ ਸਾਰੀ ਕਾਰਵਾਈ ਹੇਮੰਤ ਸ਼ਰਮਾ, ਹਰਜੋਤ ਸਿੰਘ ਬੇਦੀ, ਜਸਪ੍ਰੀਤ ਸਿੰਘ, ਗੌਤਮ ਗੋਬਿੰਦ ਵੈਸ਼, ਨਵਜੋਤ ਭਾਰਤੀ, ਰਜਿੰਦਰ ਤਨਵਰ ਦੀ ਅਗਵਾਈ ਹੇਠ ਆਬਕਾਰੀ ਟੀਮਾਂ ਨੇ ਹਿੱਸਾ ਲਿਆ।