ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਅੰਮ੍ਰਿਤਸਰ ਸਰਕਟ ਹਾਊਸ ਵਿੱਚ ਸ਼ਹਿਰ 'ਚ ਲਗਾਤਾਰ ਵੱਧ ਰਹੇ ਕੋਰੋਨਾਵਾਇਰਸ ਕੇਸਾਂ ਦੇ ਚੱਲਦਿਆਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸ਼ਹਿਰ ਵਿੱਚ ਅਗਲੀ ਰਣਨੀਤੀ ਤੈਅ ਕਰਨ ਸਬੰਧੀ ਚਰਚਾ ਕੀਤੀ ਗਈ।
ਮੀਟਿੰਗ ਤੋਂ ਬਾਅਦ ਓਮ ਪ੍ਰਕਾਸ਼ ਸੋਨੀ ਨੇ ਮੰਨਿਆ ਕਿ ਸੂਬੇ ਦੇ ਵਿੱਚ ਜਿਵੇਂ-ਜਿਵੇਂ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ, ਉਵੇਂ ਹੀ ਮੌਤ ਦਰ ਵਿੱਚ ਵਾਧਾ ਤਾਂ ਹੋਇਆ ਹੈ ਪਰ ਪੰਜਾਬ 'ਚ ਕੋਰੋਨਾਵਾਇਰਸ ਕਾਰਨ ਮੌਤ ਦਰ ਬਾਕੀ ਸੂਬਿਆਂ ਨਾਲੋਂ ਘੱਟ ਹੋਈ ਹੈ। ਸੋਨੀ ਨੇ ਇਹ ਵੀ ਆਖਿਆ ਕਿ ਉਹ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਲੋਕ ਵੱਧ ਤੋਂ ਵੱਧ ਸਾਵਧਾਨੀ ਰੱਖਣ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ।
ਸੋਨੀ ਨੇ ਕਿਹਾ ਕੇ ਕੋਰੋਨਾ ਮਹਾਮਾਰੀ ਖਿਲਾਫ਼ ਵੱਡੀ ਜੰਗ ਲੜੀ ਜਾ ਰਹੀ ਹੈ ਤੇ ਸਰਕਾਰ ਕਿਸੇ ਵੀ ਕੰਮ ਵਿੱਚ ਜਾਂ ਇਲਾਜ ਵਿੱਚ ਕੋਈ ਰੁਕਾਵਟ ਨਾ ਆਵੇ, ਇਸ ਲਈ ਅੰਮ੍ਰਿਤਸਰ ਤੇ ਪਟਿਆਲਾ ਵਿੱਚ ਆਈਏਐਸ ਅਫਸਰਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਸੂਬੇ ਦੀ ਟੈਸਟਿੰਗ ਸਮਰਥਾ ਬਾਰੇ ਓਮ ਪ੍ਰਕਾਸ਼ ਸੋਨੀ ਨੇ ਆਖਿਆ ਕਿ ਸੂਬੇ ਦੇ ਵਿੱਚ ਟੈਸਟਿੰਗ ਸਮਰਥਾ ਵਧਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵੀਹ ਹਜ਼ਾਰ ਪ੍ਰਤੀ ਰੋਜ਼ ਟੈਸਟਿੰਗ ਦਾ ਟੀਚਾ ਸਰਕਾਰ ਨੇ ਮਿੱਥਿਆ ਹੈ, ਅੰਮ੍ਰਿਤਸਰ ਵਿੱਚ ਨਾਲੋਂ ਨਾਲ ਇਲਾਜ ਦੇ ਲਈ ਹਸਪਤਾਲਾਂ ਦੇ ਵਿੱਚ ਬੈਡਾਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।