ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸਾਂਸਦ ਭਗਵੰਤ ਮਾਨ ਨੇ ਬਟਾਲਾ 'ਚ ਪਟਾਕਾ ਫੈਕਟਰੀ 'ਚ ਧਮਾਕੇ ਕਾਰਨ ਗਈਆਂ ਕੀਮਤੀ ਜਾਨਾਂ 'ਤੇ ਡੂੰਘਾ ਦੁੱਖ ਪ੍ਰਗਟਾਇਆ। ਉਨ੍ਹਾਂ ਹਾਦਸੇ ਦੀ ਸਮਾਂਬੱਧ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਸੂਬੇ ਭਰ 'ਚ ਇਸ ਤਰ੍ਹਾਂ ਦੀਆਂ ਜਲਣਸ਼ੀਲ ਤੇ ਬਾਰੂਦ ਦੀ ਜ਼ਖੀਰੇ ਵਾਲੀਆਂ ਸਾਰੀਆਂ ਫ਼ੈਕਟਰੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਰਿਹਾਇਸ਼ੀ ਇਲਾਕਿਆਂ 'ਚੋਂ ਕੱਢ ਕੇ ਆਬਾਦੀ ਤੋਂ ਦੂਰ ਸਰਕਾਰੀ ਫੋਕਲ ਪੁਆਇੰਟਾਂ ਜਾਂ ਨਿਰਧਾਰਿਤ ਇੰਡਸਟਰੀਅਲ ਏਰੀਆ 'ਚ ਸਥਾਪਿਤ ਕਰਾਇਆ ਜਾਵੇ।
ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਹਾਦਸੇ ਦੇ ਮ੍ਰਿਤਕਾਂ ਤੇ ਜ਼ਖਮੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਰਕਾਰੀ ਤੰਤਰ ਆਪਣੀ ਜ਼ਿੰਮੇਵਾਰੀ ਤੇ ਜਵਾਬਦੇਹੀ ਨਿਯਮਾਂ-ਕਾਨੂੰਨਾਂ ਅਨੁਸਾਰ ਨਿਭਾਉਂਦਾ ਤਾਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਾਅ ਹੋ ਸਕਦਾ ਸੀ, ਪਰ ਸੂਬਾ ਸਰਕਾਰ ਤੇ ਉਸ ਦੇ ਸਰਕਾਰੀ ਤੰਤਰ ਨੂੰ ਰਿਸ਼ਵਤ ਖੋਰੀਆਂ, ਕੰਮ ਚੋਰੀਆਂ ਤੇ ਗੈਰ ਜ਼ਿੰਮੇਵਾਰਨਾ ਰਵੱਈਏ ਨੇ ਖੋਖਲਾ ਕਰ ਦਿੱਤਾ ਹੈ। ਨਤੀਜਨ ਅਜਿਹੀਆਂ ਜਾਨੀ-ਮਾਲੀ ਨੁਕਸਾਨ ਵਾਲੀਆਂ ਘਟਨਾਵਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ।
ਮਾਨ ਨੇ ਕਿਹਾ ਕਿ ਰਿਪੋਰਟਾਂ ਮੁਤਾਬਕ ਬਟਾਲਾ 'ਚ ਅਜਿਹੀ ਘਟਨਾ ਦੂਸਰੀ ਵਾਰ ਵਾਪਰੀ ਹੈ, ਜਦਕਿ ਸੂਲਰ ਘਰਾਟ (ਸੰਗਰੂਰ) ਤੇ ਜਲੰਧਰ 'ਚ ਵੀ ਇਸ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ 'ਚ ਲੋਕਾਂ ਨਾਲ ਜ਼ਿਆਦਾ ਸਮੇਂ ਦੀ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਜਿਸਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਭ੍ਰਿਸ਼ਟ ਹੈ।