ਫਿਰੋਜ਼ਪੁਰ: ਵਧੀਕ ਸੈਸ਼ਨ ਜੱਜ ਰਜਨੀ ਛੋਕਰ ਦੀ ਅਦਾਲਤ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਰਘੁਮੀਤ ਸਿੰਘ ਸੋਢੀ ਤੇ ਦੋ ਹੋਰ ਸਾਥੀਆਂ 'ਤੇ ਬਲਜੀਤ ਸਿੰਘ ਨਾਮੀ ਵਿਅਕਤੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤੈਅ ਕੀਤੇ ਹਨ। ਅਦਾਲਤ ਨੇ ਉਸ ਨੂੰ 20 ਸਤੰਬਰ ਨੂੰ ਗਵਾਹਾਂ ਨੂੰ ਪੇਸ਼ ਕਰਨ ਲਈ ਕਿਹਾ ਹੈ। ਜਸਟਿਸ ਛੋਕਰ ਨੇ 30 ਅਗਸਤ ਨੂੰ ਤਿੰਨ ਮੁਲਜ਼ਮਾਂ ਰਘੁਮੀਤ ਸਿੰਘ ਸੋਢੀ, ਰਵਿੰਦਰ ਤੇ ਸੁਖਪਾਲ ਸਿੰਘ ਉਰਫ ਸੁੱਖਾ ਖ਼ਿਲਾਫ਼ ਧਾਰਾ 307, 323 ਅਤੇ 34 ਤਹਿਤ ਕੇਸ ਚਲਾਉਣ ਦਾ ਹੁਕਮ ਦਿੱਤਾ ਹੈ।
ਇਨ੍ਹਾਂ ਤਿੰਨਾਂ 'ਤੇ ਸਾਲ 2013 'ਚ ਬਲਜੀਤ ਸਿੰਘ ਪੁੱਤਰ ਮਿਹਰ ਸਿੰਘ ਵਾਸੀ ਪਿੰਡ ਮਿਰਜ਼ਾ ਲੱਖੋ ਦੀ ਬੀਬੀ ਜਗੀਰ ਕੌਰ ਮਾਮਲੇ ਵਿੱਚ ਗਵਾਹੀ ਤੋਂ ਖ਼ਫ਼ਾ ਹੋ ਕੇ ਉਸ 'ਤੇ ਹਮਲਾ ਕਰਨ ਤੇ ਉਸ ਦੀ ਲੱਤ ਵਿੱਚ ਗੋਲ਼ੀ ਮਾਰਨ ਦੇ ਇਲਜ਼ਾਮ ਹਨ। ਬਲਜੀਤ ਸਿੰਘ ਕਾਫੀ ਦਿਨ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਰਿਹਾ ਪਰ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਇਹ ਕੇਸ ਐਸਡੀਜੇਈ ਗੁਰਪ੍ਰੀਤ ਕੌਰ ਦੀ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਦਰਜ ਕੀਤਾ ਗਿਆ ਸੀ।