ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਅੱਤਲ ਇੰਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾਨੰਗਲ ਲਈ ਨਿੱਤ ਨਵੀਂ ਮੁਸੀਬਤ ਖੜ੍ਹੀ ਹੋ ਰਹੀ ਹੈ। ਹਮੇਸ਼ਾਂ ਵਿਵਾਦਾਂ ਵਿੱਚ ਰਹਿਣ ਵਾਲੇ ਉਮਰਾਨੰਗਲ ਹੁਣ ਵਿਦਿਅਕ ਯੋਗਤਾ ਨੂੰ ਲੈ ਕੇ ਵਿਵਾਦ ਵਿੱਚ ਘਿਰਦੇ ਜਾ ਰਹੇ ਹਨ। ਉਂਝ ਇਹ ਵਿਵਾਦ ਪਹਿਲਾਂ ਵੀ ਉੱਠਿਆ ਸੀ ਪਰ ਉਸ ਚਰਚਾ ਹੈ ਕਿ ਉਨ੍ਹਾਂ ਨੇ ਆਪਣੇ ਅਸਰ ਰਸੂਖ ਨਾਲ ਉਸ ਨੂੰ ਦਬਾਅ ਲਿਆ ਸੀ।


ਕੋਟਕਪੂਰਾ ਗੋਲੀਕਾਂਡ ਵਿੱਚ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਹੁਣ ਉਮਰਾਨੰਗਲ ਨੂੰ ਵਿਦਿਅਕ ਯੋਗਤਾ ਦੇ ਮਾਮਲੇ 'ਤੇ ਵੀ ਘੇਰਨ ਦੀ ਤਿਆਰੀ ਕੀਤਾ ਜਾ ਰਹੀ ਹੈ। ਕੋਟਕਪੂਰਾ ਤੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਈਜੀ ਉਮਰਾਨੰਗਲ ਦੀ ਵਿਦਿਅਕ ਯੋਗਤਾ ਪਰਖਣ ਲਈ ਉਸ ਦੇ ਪੁਰਾਣੇ ਰਿਕਾਰਡ ਦੀ ਘੋਖ ਕਰਨੀ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਮੁਤਾਬਕ ਉਮਰਾਨੰਗਲ ਦੇ ਵਿੱਦਿਅਕ ਦਸਤਾਵੇਜ਼ਾਂ ਵਿੱਚ ਵੀ ਕਾਫੀ ਖਾਮੀਆਂ ਹਨ। ਇਹ ਮਾਮਲਾ ਪੰਜਾਬ ਦੇ ਗ੍ਰਹਿ ਵਿਭਾਗ ਦੇ ਧਿਆਨ ਵਿੱਚ ਸੀ ਪਰ ਕਥਿਤ ਤੌਰ ’ਤੇ ਉਮਰਾਨੰਗਲ ਦੀ ਉੱਚੀ ਪਹੁੰਚ ਕਾਰਨ ਪਿਛਲੇ ਕਰੀਬ 15 ਸਾਲਾਂ ਤੋਂ ਇਨ੍ਹਾਂ ਖਾਮੀਆਂ ’ਤੇ ਪਰਦਾ ਪਾਇਆ ਹੋਇਆ ਸੀ। ਜਾਂਚ ਟੀਮ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਾ ਕੇ ਉਮਰਾਨੰਗਲ ਦੇ ਵਿੱਦਿਅਕ ਰਿਕਾਰਡ ਦੀ ਘੋਖ ਕੀਤੀ ਹੈ। ਯੂਨੀਵਰਸਿਟੀ ਵਿੱਚੋਂ ਇਸ ਮੁਅੱਤਲ ਆਈਜੀ ਦੀ ਪੜ੍ਹਾਈ ਨਾਲ ਸਬੰਧਤ ਕੁਝ ਰਿਕਾਰਡ ਕਬਜ਼ੇ ਵਿੱਚ ਲਿਆ ਹੈ।

ਆਈਜੀ ਉਮਰਾਨੰਗਲ ਦੀ ਵਿੱਦਿਅਕ ਯੋਗਤਾ ਵਿਵਾਦਾਂ ਵਿੱਚ ਘਿਰੀ ਰਹੀ ਹੈ ਤੇ ਇਹ ਮਾਮਲਾ 2004 ਵਿੱਚ ਵੀ ਸਾਹਮਣੇ ਆਇਆ ਸੀ ਜਦੋਂ ਉਨ੍ਹਾਂ ਨੂੰ ਪੀਪੀਐਸ ਤੋਂ ਆਈਪੀਐਸ ਵਜੋਂ ਤਰੱਕੀ ਦਿੱਤੀ ਗਈ ਸੀ। ਸੂਤਰਾਂ ਅਨੁਸਾਰ ਉਮਰਾਨੰਗਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਸ਼ਨ ਕੀਤੀ ਸੀ ਤੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਦਾਖਲਾ ਵੀ ਲਿਆ ਸੀ ਪਰ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਉਹ ਪੜ੍ਹਾਈ ਛੱਡ ਗਏ ਸਨ।

ਇਸ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਤਰਸ ਦੇ ਆਧਾਰ ’ਤੇ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਨਿਯੁਕਤੀ ਦਿੱਤੀ ਸੀ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਮਨਜੀਤ ਸਿੰਘ ਨੇ ਜਾਂਚ ਟੀਮ ਵੱਲੋਂ ਯੂਨੀਵਰਸਿਟੀ ਦਾ ਦੌਰਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਯੂਨੀਵਰਸਿਟੀ ਤੋਂ ਜੋ ਜਾਣਕਾਰੀ ਮੰਗੀ ਸੀ, ਉਹ ਟੀਮ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ।