ਅੰਮ੍ਰਿਤਸਰ: ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਵੀਰਵਾਰ ਨੂੰ ਪਲੇਠੀ ਬੈਠਕ ਹੋਈ। ਅਟਾਰੀ ਕੌਮਾਂਤਰੀ ਸਰਹੱਦ 'ਤੇ ਹੋਈ ਬੈਠਕ ਵਿੱਚ ਦੋਵੇਂ ਦੇਸ਼ਾਂ ਦੇ ਆਹਲਾ ਅਧਿਕਾਰੀ ਸ਼ਾਮਲ ਹੋਏ, ਜਿੱਥੇ ਉਨ੍ਹਾਂ ਇੱਕ ਦੂਜੇ ਨਾਲ ਲਾਂਘੇ ਦੇ ਵੇਰਵੇ ਸਾਂਝੇ ਕੀਤੇ ਹਨ ਤੇ ਨਾਲ ਪਾਕਿਸਤਾਨ ਕੋਲ ਹੀ ਸ਼ਰਧਾਲੂਆਂ ਦੀਆਂ ਕੁਝ ਸ਼ਰਤਾਂ ਵੀ ਰੱਖੀਆਂ ਹਨ।
ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਇੱਕ ਦਿਨ ਵਿੱਚ ਘੱਟੋ-ਘੱਟ 5,000 ਸ਼ਰਧਾਲੂਆਂ ਦੇ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਤਿਓਹਾਰਾਂ ਜਾਂ ਹੋਰਨਾਂ ਇਤਿਹਾਸਕ ਦਿਹਾੜਿਆਂ ਮੌਕੇ ਇਹ ਗਿਣਤੀ 10,000 ਤਕ ਹੋਣੀ ਚਾਹੀਦੀ ਹੈ। ਭਾਰਤ ਸਾਢੇ ਕੁ ਚਾਰ ਕਿਲੋਮੀਟਰ ਲੰਮਾ ਲਾਂਘਾ ਬਣਾਏਗਾ, ਜਿਸ ਵਿੱਚ ਆਧੁਨਿਕ ਯਾਤਰੀ ਟਰਮੀਨਲ ਵੀ ਸ਼ਾਮਲ ਹੋਵੇਗਾ।
ਜ਼ਰੂਰ ਪੜ੍ਹੋ- ਅਜਿਹਾ ਹੋਏਗਾ ਕਰਤਾਰਪੁਰ ਸਾਹਿਬ ਕੌਰੀਡੋਰ, ਭਾਰਤ ਸਰਕਾਰ ਵੱਲੋਂ ਕੌਰੀਡੋਰ ਲਈ 3D ਨਕਸ਼ਾ ਜਾਰੀ
ਪਾਕਿਸਤਾਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਭਾਰਤ ਵਿੱਚ ਸ਼ਰਧਾਲੂਆਂ ਨੂੰ ਕਈ ਪ੍ਰਕਿਰਿਆਰਾਵਾਂ ਵਿੱਚੋਂ ਗੁਜ਼ਰਨਾ ਪਵੇਗਾ। ਹਾਲਾਂਕਿ, ਭਾਰਤ ਨੇ ਸ਼ਰਧਾਲੂਆਂ ਨੂੰ ਵੀਜ਼ਾ ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ, ਜਿਸ ਤੋਂ ਛੋਟ ਮਿਲ ਸਕਦੀ ਹੈ ਪਰ ਫਿਰ ਵੀ ਪਾਸਪੋਰਟ ਲਾਜ਼ਮੀ ਹੋਵੇਗਾ। ਇਸ ਬਾਰੇ ਅੰਤਮ ਫੈਸਲਾ ਅਗਲੀਆਂ ਬੈਠਕਾਂ ਵਿੱਚ ਤੈਅ ਹੋ ਸਕਦਾ ਹੈ।
ਪਾਕਿਸਤਾਨ ਸ਼ਰਧਾਲੂਆਂ ਨੂੰ ਆਪਣੇ ਹਿੱਸੇ ਟ੍ਰਾਂਸਪੋਰਟ ਸਹੂਲਤਾਂ ਦੇਵੇਗਾ, ਪਰ ਜੇਕਰ ਸ਼ਰਧਾਲੂ ਚਾਹੁੰਣ ਤਾਂ ਉਹ ਪੈਦਲ ਵੀ ਗੁਰਦੁਆਰੇ ਤਕ ਪਹੁੰਚ ਸਕਦੇ ਹਨ। ਇਹ ਸ਼ਰਤ ਭਾਰਤ ਨੇ ਪਾਕਿਸਤਾਨ ਕੋਲ ਰੱਖੀ ਹੈ। ਹਾਲੇ ਇਸ 'ਤੇ ਅੰਤਮ ਫੈਸਲਾ ਹੋਣਾ ਬਾਕੀ ਹੈ। ਹਾਲਾਂਕਿ, ਜੋ ਭਾਰਤੀ ਸ਼ਰਧਾਲੂ ਸਵੇਰੇ ਕਰਤਾਰਪੁਰ ਸਾਹਿਬ ਲਈ ਜਾਣਗੇ, ਉਨ੍ਹਾਂ ਨੂੰ ਸ਼ਾਮ ਨੂੰ ਵਾਪਸ ਦੇਸ਼ ਪਰਤਣਾ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਸ਼ਾਂਤ, 2 ਅਪਰੈਲ ਨੂੰ ਮੁੜ ਮਿਲਣ ਦਾ ਵਾਅਦਾ
ਬੈਠਕ ਮਗਰੋਂ ਭਾਰਤੀ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਆਪਣੇ ਦੇਸ਼ ਦੀ ਜ਼ਮੀਨ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਨਹੀਂ ਵਰਤਣ ਦੇਵੇਗਾ, ਜਿਵੇਂ ਕਿ 2020 ਰੈਫਰੰਡਮ। ਅਧਿਕਾਰੀਆਂ ਨੇ ਦੱਸਿਆ ਕਿ ਇਸੇ ਸਬੰਧ ਵਿੱਚ ਹੁਣ ਉਹ ਦੋ ਅਪਰੈਲ ਨੂੰ ਪਾਕਿਸਤਾਨ ਵਾਲੇ ਪਾਸੇ ਵਾਹਗਾ ਸਰਹੱਦ 'ਤੇ ਬੈਠਕ ਹੋਵੇਗੀ।
ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਇਸ ਬੈਠਕ ਨੂੰ ਪਾਕਿਸਤਾਨ ਨਾਲ ਸ਼ਾਂਤੀ-ਵਾਰਤਾ ਦਾ ਸ਼ੁਰੂ ਹੋਣਾ ਨਾ ਸਮਝਿਆ ਜਾਵੇ। ਜੇਕਰ ਦੋਵੇਂ ਦੇਸ਼ ਹੋਰਨਾਂ ਮੁੱਦਿਆਂ ਨੂੰ ਵਿਚਾਰਨਾ ਨਹੀਂ ਚਾਹੁੰਦੇ ਤਾਂ ਕੋਈ ਗੱਲ ਨਹੀਂ, ਹੋ ਸਕਦਾ ਹੈ ਆਉਂਦੇ ਸਮੇਂ ਵਿੱਚ ਦੋਵੇਂ ਦੇਸ਼ ਗੁਰੂ ਨਾਨਕ ਦੇਵ ਦੇ ਸਰਬ-ਸਾਂਝੀਵਾਲਤਾ ਦੇ ਫਲਸਫੇ ਤੋਂ ਸੇਧ ਲੈਂਦਿਆਂ ਗਲਿਆਰਾ ਉਸਾਰਦੇ ਹੋਏ ਹੌਲੀ-ਹੌਲੀ ਗੱਲਬਾਤ ਦੇ ਰਾਹੇ ਪੈ ਜਾਣ।