ਕਪੂਰਥਲਾ: ਕਪੂਰਥਲਾ ਦੇ ਅੰਮ੍ਰਿਤਸਰ ਰੋਡ 'ਤੇ ਪੁਲਿਸ ਨੇ ਪੰਜਾਬ ਪੁਲਿਸ ਦੇ ਸਟਿੱਕਰ ਵਾਲੀ ਸਵਿਫਟ ਗੱਡੀ ਨੂੰ ਕਾਬੂ ਕੀਤਾ ਹੈ। ਕਾਰ ਵਿੱਚੋਂ ਚਾਰ ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਦੋ ਲੀਟਰ ਲਾਹਣ ਵੀ ਬਰਾਮਦ ਹੋਈ ਹੈ। ਪੀਸੀਆਰ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਜਾਲ ਵਿਛਾ ਕੇ ਇਹ ਕਾਰਵਾਈ ਕੀਤੀ ਗਈ ਹੈ।ਇਸ ਦੀ ਪੁਸ਼ਟੀ ਥਾਣਾ ਇੰਚਾਰਜ ਰਛਪਾਲ ਸਿੰਘ ਨੇ ਕੀਤੀ ਹੈ।ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਜਾਬ ਪੁਲਿਸ ਦੇ ਸਟਿੱਕਰ ਵਾਲੀ ਸਵਿਫ਼ਟ ਗੱਡੀ 'ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਹੈ। ਉਪਰੋਕਤ ਸੂਚਨਾ ਦੇ ਆਧਾਰ 'ਤੇ ਪੀਸੀਆਰ ਟੀਮ ਨੇ ਦੇਰ ਰਾਤ ਜਾਲ ਵਿਛਾਇਆ ਸੀ। ਅੰਮ੍ਰਿਤਸਰ ਚੌਕੀ ਤੋਂ ਥੋੜ੍ਹਾ ਅੱਗੇ ਗੋਇੰਦਵਾਲ ਸਾਹਿਬ ਰੋਡ 'ਤੇ ਇਕ ਚਿੱਟੇ ਰੰਗ ਦੀ ਸਵਿਫਟ ਕਾਰ (ਪੀ.ਬੀ.09 ਏ.ਐੱਲ. 0359) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 4 ਪੇਟੀਆਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਅਤੇ 2 ਲੀਟਰ ਲਾਹਣ ਬਰਾਮਦ ਹੋਈ। ਇਸ ਕਾਰ ’ਤੇ ਪੰਜਾਬ ਪੁਲੀਸ ਦਾ ਸਟਿੱਕਰ ਲੱਗਾ ਹੋਣ ਕਾਰਨ ਕੋਈ ਵੀ ਪੁਲੀਸ ਅਧਿਕਾਰੀ ਜਾਂ ਮੁਲਾਜ਼ਮ ਉਸ ਨੂੰ ਜਲਦੀ ਨਹੀਂ ਰੋਕ ਰਿਹਾ ਸੀ। ਪੀਸੀਆਰ ਦੀ ਟੀਮ ਨੇ ਕਾਰ ਅਤੇ ਮੁਲਜ਼ਮਾਂ ਨੂੰ ਥਾਣਾ ਕੋਤਵਾਲੀ ਦੇ ਹਵਾਲੇ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਇਹ ਕਾਰ ਟਰਾਂਸਪੋਰਟ ਵਿਭਾਗ ਵਿੱਚ ਚਰਨਜੀਤ ਵਾਸੀ ਮੁਹੱਲਾ ਸ਼ਹਿਰੀਆਂ ਦੇ ਨਾਂ ’ਤੇ ਰਜਿਸਟਰਡ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਰਛਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ