ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਜੋ ਵਿਅਕਤੀ ਵੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਖਣਨ ਕਰਦਾ ਫੜ੍ਹਿਆ ਜਾਂਦਾ ਹੈ, ਉਸ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਮਸ਼ੀਨਰੀ ਜ਼ਬਤ ਕੀਤੀ ਜਾ ਰਹੀ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਈ, ਜੂਨ ਤੇ ਜੁਲਾਈ ਮਹੀਨਿਆਂ ਵਿੱਚ ਗੈਰ ਕਾਨੂੰਨੀ ਖਣਨ ਦੇ ਕੁੱਲ 201 ਮਾਮਲੇ ਦਰਜ ਕਰਵਾਏ ਗਏ ਜਿਨ੍ਹਾਂ ਵਿਚੋਂ ਮੁੱਖ ਰੂਪ ‘ਚ ਲੁਧਿਆਣਾ ਜ਼ਿਲ੍ਹੇ ਵਿੱਚ 37, ਹੁਸ਼ਿਆਰਪੁਰ ਵਿੱਚ 29, ਐਸਬੀਐਸ ਨਗਰ ਵਿੱਚ 37 ਤੇ ਰੋਪੜ ਵਿੱਚ 25 ਮਾਮਲੇ ਦਰਜ ਕਰਵਾਏ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿੱਚ 22 ਟਰੈਕਟਰ-ਟਰਾਲੀਆਂ, 6 ਟਿੱਪਰ ਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਜਦਕਿ ਐਸਬੀਐਸ ਨਗਰ ਵਿੱਚ 29 ਟਰੈਕਟਰ-ਟਰਾਲੀਆਂ, 40 ਟਿੱਪਰ ਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ 30 ਟਰੈਕਟਰ-ਟਰਾਲੀਆਂ, 7 ਟਿੱਪਰ/ਟਰੱਕ ਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 3 ਮਹੀਨਿਆਂ ਵਿਚ ਗੈਰ ਕਾਨੂੰਨੀ ਮਾਈਨਿੰਗ ਵਾਲੇ ਕੁੱਲ 189 ਵਿਅਕਤੀਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਇਹ ਅੱਗੋਂ ਵੀ ਜਾਰੀ ਰਹੇਗੀ।