ਲੁਧਿਆਣਾ: ਕੈਪਟਨ ਦੇ ਰਾਜ ਵਿੱਚ ਵੀ ਰੇਤ ਮਾਫੀਆ ਦੀ ਗੁੰਡਾਗਰਦੀ ਬਰਕਰਾਰ ਹੈ। ਰੇਤ ਮਾਫੀਆ ਦੇ ਹੌਸਲੇ ਇੰਨੇ ਵਧੇ ਹੋਏ ਹਨ ਕਿ ਉਨ੍ਹਾਂ ਨੂੰ ਸਰਕਾਰੀ ਅਫਸਰਾਂ ਦੀ ਵੀ ਕੋਈ ਪ੍ਰਵਾਹ ਨਹੀਂ। ਇਸ ਦੀ ਮਿਸਾਲ ਮੰਗਲਵਾਰ ਰਾਤ ਲੁਧਿਆਣਾ ਵਿੱਚ ਵੇਖਣ ਨੂੰ ਮਿਲੀ। ਰੇਤ ਮਾਫੀਆ ਨਾਲ ਜੁੜੇ ਲੋਕਾਂ ਨੇ ਪਿੰਡ ਖੜਕ ’ਚ ਖਣਨ ਅਧਿਕਾਰੀਆਂ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਤਿੰਨ ਅਧਿਕਾਰੀ ਜ਼ਖ਼ਮੀ ਹੋ ਗਏ।

ਰੇਤ ਮਾਫ਼ੀਆ ਦੀ ਇਸ ਹਰਕਤ ਤੋਂ ਬਾਅਦ ਖਣਨ ਅਫ਼ਸਰਾਂ ’ਚ ਦਹਿਸ਼ਤ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ’ਚ ਸਬ ਇੰਸਪੈਕਟਰ ਦਾ ਰਿਸ਼ਤੇਦਾਰ ਰੇਤ ਕੱਢਣ ’ਚ ਅਹਿਮ ਰੋਲ ਅਦਾ ਕਰ ਰਿਹਾ ਹੈ। ਇਨ੍ਹਾਂ ਅਧਿਕਾਰੀਆਂ ’ਤੇ ਹਮਲਾ ਵੀ ਉਸ ਦੇ ਲੋਕਾਂ ਨੇ ਕੀਤਾ ਹੈ। ਇਸ ਲਈ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ।

ਖਣਨ ਵਿਭਾਗ ’ਚ ਤਾਇਨਾਤ ਐਸਡੀਓ ਬਲਵਿੰਦਰ ਸਿੰਘ ਮੁਤਾਬਕ ਮੰਗਲਵਾਰ ਰਾਤ ਕਰੀਬ ਇੱਕ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਖੜਕ ’ਚ ਨਾਜਾਇਜ਼ ਤਰੀਕੇ ਨਾਲ ਰੇਤਾ ਕੱਢਿਆ ਜਾ ਰਿਹਾ ਹੈ। ਉਹ ਜੂਨੀਅਰ ਇੰਜਨੀਅਰ ਮਨਪ੍ਰੀਤ ਸਿੰਘ ਤੇ ਡਰਾਈਵਰ ਟੇਕ ਚੰਦ ਨਾਲ ਮੌਕੇ ’ਤੇ ਪੁੱਜੇ ਤਾਂ ਉਥੇ ਰੇਤ ਕੱਢ ਰਹੇ ਲੋਕ ਭੱਜ ਗਏ। ਉਨ੍ਹਾਂ ਮੌਕੇ ’ਤੇ ਛੇ ਟਰੈਕਟਰ ਟਰਾਲੀਆਂ ਨੂੰ ਜ਼ਬਤ ਕੀਤਾ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਸਨ ਤਾਂ ਅਚਾਨਕ ਕੁਝ ਲੋਕਾਂ ਨੇ ਡੰਡਿਆਂ ਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਹੋ ਕੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਉਹ ਕਿਸੇ ਤਰ੍ਹਾ ਆਪਣੀ ਜਾਨ ਬਚਾ ਕੇ ਉਥੋਂ ਭੱਜੇ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ।