ਚੰਡੀਗੜ੍ਹ: ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ 'ਤੇ ਪੈ ਸਕਦਾ ਹੈ। ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੇ ਸੂਬੇ ਦੇ ਦੋ ਟੋਟੇ ਕਰਕੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲੋਂ ਵਪਾਰਕ ਰਿਸ਼ਤੇ ਤੋੜ ਦਿੱਤੇ ਹਨ। ਕੂਟਨੀਤਕ ਸਬੰਧ ਵੀ ਘਟਾਉਣ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਲੱਗਦਾ ਹੈ ਕਿ ਇਸ ਦਾ ਅਸਰ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਪੈ ਸਕਦਾ ਹੈ
ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਕਰ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਵਧੇ ਤਣਾਅ ਦਾ ਕਰਤਾਰਪੁਰ ਲਾਂਘੇ ਦੇ ਨਿਰਮਾਣ ’ਤੇ ਮਾੜਾ ਪ੍ਰਭਾਵ ਨਾ ਪੈਣ ਦੀ ਉਮੀਦ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਬਹੁਤ ਸ਼ਿੱਦਤ ਨਾਲ ਉਡੀਕੇ ਜਾ ਰਹੇ ਇਸ ਲਾਂਘੇ ਦਾ ਕੰਮ ਰੋਕ ਕੇ ਪਾਕਿਸਤਾਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਮਾਰੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਦੇ ਸਤਿਕਾਰ ਵਿੱਚ ਕਰਤਾਰਪੁਰ ਲਾਂਘਾ ਦਾ ਨਿਰਮਾਣ ਕਰਨ ਦੇ ਫੈਸਲੇ ਦਾ ਦੁਨੀਆ ਭਰ ਦੇ ਸਿੱਖਾਂ ਨੇ ਸਵਾਗਤ ਕੀਤਾ ਸੀ। ਜੇਕਰ ਹੁਣ ਇਸ ਪ੍ਰਾਜੈਕਟ ਨੂੰ ਲੀਹੋਂ ਲਾਹੁਣ ਲਈ ਕੋਈ ਵੀ ਕਦਮ ਚੁੱਕਿਆ ਗਿਆ ਤਾਂ ਇਸ ਨਾਲ ਲੱਖਾਂ ਸ਼ਰਧਾਲੂਆਂ ਨੂੰ ਨਿਰਾਸ਼ਾ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਜਸੀ ਜੋੜ-ਤੋੜ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਹਾਵੀ ਹੋਣ ਦੀ ਆਗਿਆ ਨਹੀਂ ਦੇਣੀ ਚਾਹੀਦੀ, ਜਿੰਨਾ ਲਈ ਕਰਤਾਰਪੁਰ ਗੁਰਦੁਆਰਾ ਸ਼ਰਧਾ ਤੇ ਸਤਿਕਾਰ ਦਾ ਪ੍ਰਤੀਕ ਹੈ। ਕੈਪਟਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਸ਼ਮੀਰ ਵਿੱਚੋਂ ਧਾਰਾ 370 ਖਾਰਜ ਕੀਤੇ ਜਾਣ ਬਾਅਦ ਦੋਵੇਂ ਮੁਲਕਾਂ ਦਰਮਿਆਨ ਬਣੇ ਹਾਲਾਤ ਦੇ ਬਾਵਜੂਦ ਉਹ ਇਸ ਮਸਲੇ ਨੂੰ ਇਸਲਾਮਾਬਾਦ ਕੋਲ ਪਹਿਲ ਦੇ ਆਧਾਰ ’ਤੇ ਉਠਾਵੇ ਤੇ ਕਰਤਾਰਪੁਰ ਲਾਂਘੇ ਦੀ ਉਸਾਰੀ ਨੂੰ ਯਕੀਨੀ ਬਣਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਤਜਾਰਤੀ ਸਬੰਧ ਮੁਅੱਤਲ ਕਰਨ ਅਤੇ ਕੂਟਨੀਤਕ ਰਿਸ਼ਤੇ ਘਟਾਉਣ ਲਈ ਫੈਸਲੇ ਤੋਂ ਬਾਅਦ ਦੋਵੇਂ ਮੁਲਕ ਕਰਤਾਰਪੁਰ ਕੌਰੀਡੋਰ ਦੀ ਪ੍ਰਗਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕ ਸਕਦੇ ਹਨ। ਉਨਾਂ ਕਿਹਾ ਕਿ ਕਰਤਾਰਪੁਰ ਦਾ ਕਸ਼ਮੀਰ ਮਸਲੇ ਜਾਂ ਦੋਵੇਂ ਦੇਸ਼ਾਂ ਲਈ ਚਿੰਤਾ ਦੇ ਕਿਸੇ ਹੋਰ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਲਈ ਇਕ ਬੇਹੱਦ ਖਾਸ ਅਤੇ ਮੁਕੱਦਸ ਮੌਕਾ ਹੈ।
ਕੈਪਟਨ ਨੇ ਕਿਹਾ ਕਿ ਕਸ਼ਮੀਰ, ਭਾਰਤ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਖਿੱਤੇ ਦੇ ਸਬੰਧ ਵਿੱਚ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਕੂਟਨੀਤਿਕ ਰਿਸ਼ਤੇ ਘਟਾਉਣ ਲਈ ਇਸ ਨੂੰ ਬਹਾਨੇ ਦੇ ਤੌਰ ’ਤੇ ਨਹੀਂ ਵਰਤਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਫੈਸਲਾ ਖੇਤਰੀ ਸੁਰੱਖਿਆ ਦੇ ਹਿੱਤ ਵਿੱਚ ਨਹੀਂ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਦੱਖਣੀ-ਪੂਰਬੀ ਏਸ਼ੀਆ ਖਿੱਤੇ ਦੀ ਸ਼ਾਂਤੀ ਨੂੰ ਅਸਥਿਰ ਕਰਨ ਲਈ ਕੋਈ ਵੀ ਅਜਿਹਾ ਕਦਮ ਗੁਆਂਢੀ ਮੁਲਕ ਲਈ ਵੀ ਘਾਤਕ ਸਿੱਧ ਹੋਵੇਗਾ।
ਭਾਰਤ-ਪਾਕਿ ਦੇ ਵਿਗੜੇ ਰਿਸ਼ਤੇ, ਕਰਤਾਰਪੁਰ ਲਾਂਘੇ 'ਤੇ ਖ਼ਤਰੇ ਦੇ ਬੱਦਲ!
ਏਬੀਪੀ ਸਾਂਝਾ
Updated at:
08 Aug 2019 11:39 AM (IST)
ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ 'ਤੇ ਪੈ ਸਕਦਾ ਹੈ। ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੇ ਸੂਬੇ ਦੇ ਦੋ ਟੋਟੇ ਕਰਕੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲੋਂ ਵਪਾਰਕ ਰਿਸ਼ਤੇ ਤੋੜ ਦਿੱਤੇ ਹਨ। ਕੂਟਨੀਤਕ ਸਬੰਧ ਵੀ ਘਟਾਉਣ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਲੱਗਦਾ ਹੈ ਕਿ ਇਸ ਦਾ ਅਸਰ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਪੈ ਸਕਦਾ ਹੈ
- - - - - - - - - Advertisement - - - - - - - - -