ਲੁਧਿਆਣਾ : ਲੁਧਿਆਣਾ 'ਚ ਸਿਹਤ ਵਿਭਾਗ ਦੀ ਟੀਮ ਨੇ ਇੱਕ ਗੈਰ-ਕਾਨੂੰਨੀ ਅਲਟਰਾਸਾਊਂਡ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਮੌਕੇ ਤੋਂ ਹਜ਼ਾਰਾਂ ਰੁਪਏ, ਮਸ਼ੀਨਾਂ ਅਤੇ ਹੋਰ ਮੈਡੀਕਲ ਸਾਮਾਨ ਬਰਾਮਦ ਕਰ ਲਿਆ ਹੈ। ਸਿਵਲ ਸਰਜਨ ਹਤਿੰਦਰ ਕੌਰ ਨੇ ਦੱਸਿਆ ਕਿ ਗੈਰ-ਕਾਨੂੰਨੀ ਅਲਟਰਾਸਾਊਂਡ ਮਸ਼ੀਨ ਲਗਾ ਕੇ ਭਰੂਣ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਜੇਕਰ ਸ਼ਹਿਰ ਦੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਦਾ ਨਾਂ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ।
ਦਰਅਸਲ 'ਚ ਸਿਹਤ ਵਿਭਾਗ ਦੀ ਟੀਮ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਇੱਕ ਘਰ ਵਿੱਚ ਗੈਰ-ਕਾਨੂੰਨੀ ਅਲਟਰਾਸਾਊਂਡ ਸੈਂਟਰ ਚੱਲ ਰਿਹਾ ਹੈ। ਜਿੱਥੇ ਮੋਟੀਆਂ ਫੀਸਾਂ ਲੈ ਕੇ ਅਲਟਰਾਸਾਊਂਡ ਮਸ਼ੀਨ ਨਾਲ ਭਰੂਣ ਟੈਸਟ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਘਰ ’ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਇੱਕ ਹਸਪਤਾਲ ਵਿੱਚ ਪੀਆਰਓ ਵਜੋਂ ਕੰਮ ਕਰਦਾ ਸੀ।
ਇਸ ਦੇ ਲਈ ਸਿਹਤ ਵਿਭਾਗ ਦੀ ਟੀਮ ਨੇ ਇੱਕ ਗਰਭਵਤੀ ਔਰਤ ਨੂੰ ਨਾਲ ਲੈ ਕੇ ਇੱਕ ਵਿਚੋਲੇ ਰਾਹੀਂ ਉਸ ਦਾ ਟੈਸਟ ਕਰਵਾਉਣ ਲਈ ਭੇਜਿਆ ਸੀ। ਸਿਹਤ ਵਿਭਾਗ ਵੱਲੋਂ ਭੇਜੀ ਔਰਤ ਨੇ 20 ਤੋਂ 30 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਕਰ ਲਿਆ। ਜਿਵੇਂ ਹੀ ਔਰਤ ਦਾ ਟੈਸਟ ਕਰਵਾਉਣਾ ਸ਼ੁਰੂ ਹੋਇਆ ਤਾਂ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਉਹ ਲੋਕ ਵੀ ਇਸ ਧੰਦੇ ਵਿੱਚ ਸ਼ਾਮਲ ਹਨ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਮੁਲਜ਼ਮ ਕਰਨ ਇੱਕ ਘਰ ਵਿੱਚ ਗੈਰ-ਕਾਨੂੰਨੀ ਤੌਰ ’ਤੇ ਅਲਟਰਾਸਾਊਂਡ ਮਸ਼ੀਨ ਲਗਾ ਕੇ ਭਰੂਣ ਦੀ ਜਾਂਚ ਕਰ ਰਿਹਾ ਸੀ। ਮੁਲਜ਼ਮ ਨੇ ਅਲਟਰਾਸਾਊਂਡ ਮਸ਼ੀਨ ਦਿੱਲੀ ਤੋਂ ਖਰੀਦੀ ਸੀ। ਮੁਲਜ਼ਮ ਹੁਣ ਤੱਕ 35 ਤੋਂ 40 ਦੇ ਕਰੀਬ ਔਰਤਾਂ ਦੇ ਟੈਸਟ ਕਰ ਚੁੱਕਾ ਹੈ। ਜਿਸ ਦੇ ਬਦਲੇ ਉਹ ਹਰ ਔਰਤ ਤੋਂ 20 ਤੋਂ 30 ਹਜ਼ਾਰ ਰੁਪਏ ਲੈਂਦਾ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।