ਪੰਜਾਬ ਤੋਂ ਬਾਹਰ ਸਿੱਖਾਂ ਨਾਲ ਧੱਕੇਸ਼ਾਹੀ ਜਾਂ ਫਿਰ ਸਿੱਖ ਗੁਰੂਆਂ ਦਾ ਨਿਰਾਦਰ ਕਰਨ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ  ਜਿਸ ਵਿੱਚ ਇੱਕ ਵਿਅਕਤੀ ਵੱਲੋਂ ਗੁਰੂ ਨਾਨਕ ਸਾਹਿਬ ਵਾਂਗ ਸਵਾਂਗ ਰਚਾਇਆ ਹੋਇਆ ਹੈ।


ਇਹ ਵੀਡੀਓ ਮੱਧ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ ਵਿੱਚ ਇਸ ਨੂੰ ਲੈ ਕੇ ਰੋਸ ਜ਼ਤਾਇਆ ਜਾ ਰਿਹਾ ਹੈ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ।



ਜ਼ਿਕਰ ਕਰ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੇ ਮਾਮਲੇ ਦੀ ਪੜਤਾਲ ਲਈ ਪ੍ਰਚਾਰਕਾਂ ਦੀ ਇੱਕ ਟੀਮ ਘਟਨਾ ਵਾਲੀ ਥਾਂ ਤੇ ਭੇਜੀ ਹੈ। ਇਹ ਟੀਮ ਇੱਕ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇਵੇਗੀ। ਜਿਸ ਤੇ ਅੱਗੇ ਸਿੰਘ ਸਹਿਬਾਨ ਫੈਸਲਾ ਲੈਣਗੇ।






ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿੱਚ ਸਿੰਧੀ ਭਾਈਚਾਰੇ ਵੱਲੋਂ ਕੀਤੇ ਗਏ ਇਕ ਸਮਾਗਮ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਸਖ਼ਤ ਮਨਾਹੀ ਹੈ ਅਤੇ ਇਸ ਵੀਡੀਓ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ।



ਐਡਵੋਕੇਟ ਧਾਮੀ ਨੇ ਕਿਹਾ ਕਿ ਸਿੰਧੀ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਵੱਡੀ ਸ਼ਰਧਾ ਰੱਖਦਾ ਹੈ ਅਤੇ ਉਨ੍ਹਾਂ ਨਾਲ ਸਬੰਧਤ ਦਿਹਾੜਿਆਂ ਨੂੰ ਵੀ ਮਨਾਉਂਦਾ ਹੈ, ਪਰੰਤੂ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਤੇ ਮਰਿਆਦਾ ਦਾ ਖ਼ਿਆਲ ਰੱਖਣਾ ਸਾਰਿਆਂ ਲਈ ਬੇਹੱਦ ਜ਼ਰੂਰੀ ਹੈ। 


ਯਾਦ ਕਰਵਾ ਦਈਏ ਕਿ ਇਸ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਵੀ ਬਠਿੰਡਾ ਨੇੜੇ ਸਲਾਬਤਪੁਰਾ ਸਥਿਤ ਨਾਮ ਚਰਚਾ ਘਰ ਵਿੱਚ ਹੋਏ ਸਮਾਗਮ ਵਿੱਚ ਕਲਗੀ ਲਗਾਕੇ ਸ੍ਰੀ ਗੁਰੂ ਗੋਬਿੰਦ ਸਿੰਘ ਵਰਗਾ ਸਵਾਂਗ ਰਚਾਇਆ ਸੀ ਇਸ ਤੋਂ ਬਾਅਦ ਪੰਜਾਬ ਦਾ ਮਾਹੌਲ ਵੀ ਬਹੁਤ ਖ਼ਰਾਬ ਹੋਇਆ ਸੀ ਹੁਣ ਇੱਕ ਵਾਰ ਮੁੜ ਤੋਂ ਇਹੋ ਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਵਿਅਕਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਰਗਾ ਸਵਾਂਗ ਰਚਾਇਆ ਹੈ।


ਜੇ ਸਿੱਖੀ ਸਿਧਾਤਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਧਰਮ ਵਿੱਚ ਕਿਸੇ ਵੀ ਗੁਰੂ ਸਾਹਿਬਾਨ ਵਰਗਾ ਸਵਾਂਗ ਰਚਾਉਣ ਸਿਧਾਂਤਾਂ ਦੇ ਖਿਲਾਫ ਹੈ ਕਿਉਂਕਿ ਕੋਈ ਵੀ ਸਿੱਖ ਗੁਰੂ ਸਹਿਬਾਨਾਂ ਦੀ ਨਕਲ ਨਹੀਂ ਕਰ ਸਕਦਾ ਹੈ।